India vs England Weather: ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ ਵੀਰਵਾਰ ਤੋਂ ਖੇਡਿਆ ਜਾਵੇਗਾ। ਇਹ ਮੈਚ ਧਰਮਸ਼ਾਲਾ ਵਿੱਚ ਕਰਵਾਇਆ ਜਾਣਾ ਹੈ। ਪਰ ਮੀਂਹ ਕਾਰਨ ਖੇਡ ਦਾ ਮਜ਼ਾ ਖਰਾਬ ਹੋ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਧਰਮਸ਼ਾਲਾ 'ਚ ਮੈਚ ਦੌਰਾਨ ਮੀਂਹ ਪੈ ਸਕਦਾ ਹੈ। ਜੇਕਰ ਮੀਂਹ ਪੈਂਦਾ ਹੈ, ਤਾਂ ਖੇਡ ਵਿੱਚ ਦੇਰੀ ਹੋ ਸਕਦੀ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਸੀਰੀਜ਼ 'ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਹੁਣ ਆਖਰੀ ਮੈਚ ਖੇਡਿਆ ਜਾਣਾ ਹੈ।


ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਧਰਮਸ਼ਾਲਾ 'ਚ ਮੀਂਹ ਪੈ ਸਕਦਾ ਹੈ। ਅਸਮਾਨ ਵਿੱਚ ਬੱਦਲਵਾਈ ਵੇਖੀ ਜਾ ਸਕਦੀ ਹੈ। ਪਰ ਇਸ ਤੋਂ ਬਾਅਦ ਅਗਲੇ ਦੋ ਦਿਨਾਂ ਤੱਕ ਆਸਮਾਨ ਸਾਫ ਰਹਿ ਸਕਦਾ ਹੈ। ਸ਼ੁੱਕਰਵਾਰ (8 ਮਾਰਚ) ਅਤੇ ਸ਼ਨੀਵਾਰ (9 ਮਾਰਚ) ਨੂੰ ਮੀਂਹ ਦੀ ਸੰਭਾਵਨਾ ਨਹੀਂ ਹੈ। ਪਰ ਇਸ ਤੋਂ ਬਾਅਦ 10 ਅਤੇ 11 ਮਾਰਚ ਨੂੰ ਮੀਂਹ ਪੈ ਸਕਦਾ ਹੈ। ਧਰਮਸ਼ਾਲਾ ਦਾ ਔਸਤ ਤਾਪਮਾਨ 17 ਤੋਂ 18 ਡਿਗਰੀ ਸੈਲਸੀਅਸ ਹੋ ਸਕਦਾ ਹੈ। ਜਦੋਂ ਕਿ ਘੱਟੋ-ਘੱਟ ਤਾਪਮਾਨ 5 ਤੋਂ 6 ਡਿਗਰੀ ਸੈਲਸੀਅਸ ਰਹਿ ਸਕਦਾ ਹੈ।


ਜੇਕਰ ਧਰਮਸ਼ਾਲਾ ਟੈਸਟ ਦੀ ਪਿਚ ਰਿਪੋਰਟ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਟਰਨਿੰਗ ਪਿੱਚ ਤਿਆਰ ਕੀਤੀ ਗਈ ਹੈ। ਇਸ ਲਈ ਸਪਿਨਰਾਂ ਨੂੰ ਮਦਦ ਮਿਲ ਸਕਦੀ ਹੈ। ਹਾਲਾਂਕਿ ਇੱਥੇ ਤੇਜ਼ ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਟੀਮ ਇੰਡੀਆ ਨੇ ਇੱਥੇ ਹੁਣ ਤੱਕ ਸਿਰਫ ਇੱਕ ਟੈਸਟ ਮੈਚ ਖੇਡਿਆ ਹੈ। ਭਾਰਤ ਨੇ ਮਾਰਚ 2017 ਵਿੱਚ ਖੇਡੇ ਗਏ ਮੈਚ ਵਿੱਚ ਆਸਟਰੇਲੀਆ ਨੂੰ ਹਰਾਇਆ ਸੀ। ਟੀਮ ਇੰਡੀਆ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ।
 
ਦੱਸ ਦੇਈਏ ਕਿ ਟੀਮ ਇੰਡੀਆ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਲਈ ਧਰਮਸ਼ਾਲਾ ਟੈਸਟ ਬਹੁਤ ਖਾਸ ਹੋਵੇਗਾ। ਉਹ ਹੁਣ ਤੱਕ 99 ਟੈਸਟ ਮੈਚ ਖੇਡ ਚੁੱਕਾ ਹੈ ਅਤੇ 100 ਟੈਸਟ ਖੇਡਣ ਲਈ ਤਿਆਰ ਹੈ। ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੌਨੀ ਬੇਅਰਸਟੋ ਲਈ ਵੀ ਇਹ ਮੈਚ ਬਹੁਤ ਖਾਸ ਹੋਵੇਗਾ। ਬੇਅਰਸਟੋ ਵੀ ਆਪਣੇ ਕਰੀਅਰ ਦਾ 100ਵਾਂ ਟੈਸਟ ਮੈਚ ਖੇਡਣ ਲਈ ਤਿਆਰ ਹੈ। ਉਸ ਨੇ ਹੁਣ ਤੱਕ 99 ਟੈਸਟ ਮੈਚ ਖੇਡੇ ਹਨ ਅਤੇ ਇਸ ਦੌਰਾਨ 5974 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਫਾਰਮੈਟ 'ਚ 12 ਸੈਂਕੜੇ ਅਤੇ 26 ਅਰਧ ਸੈਂਕੜੇ ਲਗਾਏ ਹਨ।