ਇੰਡੀਅਨ ਪ੍ਰੀਮੀਅਰ ਲੀਗ 2022: ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਅਗਲਾ ਸੀਜ਼ਨ ਭਾਰਤ 'ਚ ਹੀ ਖੇਡਿਆ ਜਾਵੇਗਾ। ਬੀਸੀਸੀਆਈ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਕ੍ਰਿਕਟ ਬੋਰਡ ਨੇ ਦੋ ਨਵੀਆਂ ਫਰੈਂਚਾਇਜ਼ੀ ਲਖਨਊ ਤੇ ਅਹਿਮਦਾਬਾਦ ਦਾ ਵੀ ਸਵਾਗਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਆਈਪੀਐਲ 2020 ਦਾ ਪੂਰਾ ਸੀਜ਼ਨ ਤੇ ਆਈਪੀਐਲ 2021 ਦੇ 31 ਮੈਚ ਸੰਯੁਕਤ ਅਰਬ ਅਮੀਰਾਤ 'ਚ ਖੇਡੇ ਗਏ ਸਨ।


ਨਵੀਆਂ ਟੀਮਾਂ ਦੇ ਆਉਣ ਨਾਲ ਲੀਗ ਹੋਵੇਗੀ ਰੌਮਾਂਚਕ: ਜੈ ਸ਼ਾਹ


ਪਿਛਲੇ ਦਿਨੀਂ ਚੇਨਈ 'ਚ ਇੱਕ ਸਮਾਗਮ ਦੌਰਾਨ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਸੀ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਚੇਪਾ 'ਚ ਸੀਐਸਕੇ ਦਾ ਖੇਡ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ। ਉਹ ਪਲ ਦੂਰ ਨਹੀਂ ਹੈ ਤੇ ਆਈਪੀਐਲ ਦਾ 15ਵਾਂ ਸੀਜ਼ਨ ਭਾਰਤ 'ਚ ਹੋਵੇਗਾ ਤੇ ਨਵੀਆਂ ਟੀਮਾਂ ਸ਼ਾਮਲ ਹੋਣਗੀਆਂ ਜੋ ਇਸ ਸੀਜ਼ਨ ਨੂੰ ਹੋਰ ਰੌਮਾਂਚਕ ਬਣਾ ਦੇਣਗੀਆਂ


ਉਨ੍ਹਾਂ ਅੱਗੇ ਕਿਹਾ ਸੀ ਕਿ ਸਾਡੇ ਕੋਲ ਆਈਪੀਐਲ ਲਈ ਇਕ ਵੱਡੀ ਨਿਲਾਮੀ ਹੋਣ ਵਾਲੀ ਹੈ। ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਖਿਡਾਰੀ ਤੇ ਟੀਮ ਨਵੇਂ ਸੁਮੇਲ 'ਚ ਕਿਵੇਂ ਦਿਖਾਈ ਦਿੰਦੇ ਹਨ


ਆਈਪੀਐਲ 2022 'ਚ ਕੁੱਲ 74 ਮੈਚ ਖੇਡੇ ਜਾਣਗੇ


ਮਹੱਤਵਪੂਰਨ ਗੱਲ ਇਹ ਹੈ ਕਿ ਬੀਸੀਸੀਆਈ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਆਈਪੀਐਲ 2022 'ਚ ਕੁੱਲ 74 ਮੈਚ ਹੋਣਗੇ। ਇਸ ਤੋਂ ਪਹਿਲਾਂ ਆਈਪੀਐਲ 2021 'ਚ ਅੱਠ ਟੀਮਾਂ ਵਿਚਾਲੇ ਕੁੱਲ 60 ਮੈਚ ਖੇਡੇ ਗਏ ਸਨ। ਅਜਿਹੇ 'ਚ ਅਗਲੇ ਸੀਜ਼ਨ 'ਚ ਪਹਿਲਾਂ ਦੇ ਮੁਕਾਬਲੇ 14 ਮੈਚ ਜ਼ਿਆਦਾ ਹੋਣਗੇ।


ਆਈਪੀਐਲ 2022 'ਚ ਵੀ ਹਰੇਕ ਟੀਮ ਲੀਗ ਦੌਰਾਨ 14 ਮੈਚ ਖੇਡੇਗੀ ਜਿਸ 'ਚ ਸੱਤ ਮੈਚ ਘਰ 'ਚ ਤੇ ਸੱਤ ਮੈਚ ਘਰ ਤੋਂ ਦੂਰ ਹੋਣਗੇ। ਹਰੇਕ ਟੀਮ ਲਈ ਮੈਚਾਂ ਦੀ ਗਿਣਤੀ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।


ਆਈਪੀਐਲ 2022 'ਚ ਦੋ ਨਵੀਆਂ ਟੀਮਾਂ ਸ਼ਾਮਲ ਕੀਤੀਆਂ ਜਾਣਗੀਆਂ


ਪਿਛਲੇ ਮਹੀਨੇ, RPSG ਸਮੂਹ ਅਤੇ CVC ਕੈਪੀਟਲ ਨੇ ਦੋ ਨਵੀਆਂ IPL ਫਰੈਂਚਾਇਜ਼ੀਜ਼ ਦੇ ਮਾਲਕੀ ਅਧਿਕਾਰ ਹਾਸਲ ਕੀਤੇ ਹਨ। RPSG ਗਰੁੱਪ ਨੇ ਲਖਨਊ ਸਥਿਤ ਫਰੈਂਚਾਇਜ਼ੀ ਨੂੰ 7,090 ਕਰੋੜ ਰੁਪਏ 'ਚ ਖਰੀਦਿਆ ਹੈ। ਇਸ ਨਾਲ ਹੀ CVC ਕੈਪੀਟਲ ਨੇ ਅਹਿਮਦਾਬਾਦ ਫਰੈਂਚਾਇਜ਼ੀ ਨੂੰ 5,166 ਕਰੋੜ ਰੁਪਏ 'ਚ ਖਰੀਦਿਆ। 2011 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ 10 ਟੀਮਾਂ ਲੀਗ 'ਚ ਖੇਡਦੀਆਂ ਨਜ਼ਰ ਆਉਣਗੀਆਂ।