T20 World Cup: ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਬੁਮਰਾਹ ਦਾ ਵਿਸ਼ਵ ਕੱਪ 'ਚ ਨਾ ਖੇਡਣਾ ਟੀਮ ਇੰਡੀਆ ਲਈ ਵੱਡਾ ਝਟਕਾ ਹੈ। ਆਸਟ੍ਰੇਲੀਆ ਦੇ ਸਟਾਰ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਵੀ ਦਾਅਵਾ ਕੀਤਾ ਹੈ ਕਿ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਜਸਪ੍ਰੀਤ ਬੁਮਰਾਹ ਦੀ ਕਮੀ ਮਹਿਸੂਸ ਕਰੇਗੀ।

ਬੁਮਰਾਹ ਤੋਂ ਇਲਾਵਾ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਵੀ ਸੱਟ ਕਾਰਨ ਵਿਸ਼ਵ ਕੱਪ ਨਹੀਂ ਖੇਡ ਸਕਣਗੇ। ਹੇਜ਼ਲਵੁੱਡ ਨੇ ਬੁਮਰਾਹ ਨੂੰ ਟੀ-20 ਫਾਰਮੈਟ 'ਚ ਨੰਬਰ ਇਕ ਗੇਂਦਬਾਜ਼ ਦੱਸਿਆ ਹੈ। ਹੇਜ਼ਲਵੁੱਡ ਨੇ ਕਿਹਾ, ''ਜਸਪ੍ਰੀਤ ਬੁਮਰਾਹ ਟੀ-20 ਕ੍ਰਿਕਟ 'ਚ ਦੁਨੀਆ ਦਾ ਨੰਬਰ ਇਕ ਗੇਂਦਬਾਜ਼ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ।

ਟੀ-20 ਅੰਤਰਰਾਸ਼ਟਰੀ ਰੈਂਕਿੰਗ 'ਚ ਨੰਬਰ ਇਕ 'ਤੇ ਕਾਬਜ਼ ਹੇਜ਼ਲਵੁੱਡ ਨੇ ਕਿਹਾ, ''ਅਸੀਂ ਬੁਮਰਾਹ ਨੂੰ ਆਈਪੀਐੱਲ ਅਤੇ ਅੰਤਰਰਾਸ਼ਟਰੀ ਕ੍ਰਿਕਟ 'ਚ ਗੇਂਦਬਾਜ਼ੀ ਕਰਦੇ ਦੇਖਿਆ ਹੈ। ਬੁਮਰਾਹ ਕੋਲ ਸ਼ਾਨਦਾਰ ਯਾਰਕਰ ਗੇਂਦਬਾਜ਼ੀ ਕਰਨ ਦੀ ਕਾਬਲੀਅਤ ਹੈ। ਬੁਮਰਾਹ ਜਿਸ ਤਰ੍ਹਾਂ ਨਾਲ ਆਪਣੀ ਰਫਤਾਰ ਬਦਲਦਾ ਹੈ, ਉਹ ਸ਼ਾਨਦਾਰ ਹੈ। ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਬੁਮਰਾਹ ਦੀ ਕਮੀ ਮਹਿਸੂਸ ਕਰੇਗੀ।

ਟੀਮ ਨੂੰ ਤਲਾਸ਼ਨਾ ਹੋਵੇਗਾ ਬੁਮਰਾਹ ਦਾ ਬਦਲ 

ਦੱਸ ਦੇਈਏ ਕਿ ਪਿੱਠ ਦਰਦ ਦੀ ਸਮੱਸਿਆ ਕਾਰਨ ਜਸਪ੍ਰੀਤ ਬੁਮਰਾਹ ਏਸ਼ੀਆ ਕੱਪ ਦਾ ਹਿੱਸਾ ਵੀ ਨਹੀਂ ਬਣ ਸਕੇ ਸਨ। ਹਾਲਾਂਕਿ ਬੁਮਰਾਹ ਨੇ ਆਸਟ੍ਰੇਲੀਆ ਖਿਲਾਫ਼ ਦੂਜੇ ਤੇ ਤੀਜੇ ਟੀ-20 ਮੈਚਾਂ 'ਚ ਹਿੱਸਾ ਲਿਆ ਸੀ। ਪਰ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਬੁਮਰਾਹ ਫਿਰ ਜ਼ਖ਼ਮੀ ਹੋ ਗਏ।

ਜਸਪ੍ਰੀਤ ਬੁਮਰਾਹ ਦੀ ਸੱਟ ਬਹੁਤ ਗੰਭੀਰ ਹੈ ਅਤੇ ਉਸ ਨੂੰ ਘੱਟੋ-ਘੱਟ 6 ਮਹੀਨੇ ਕ੍ਰਿਕਟ ਮੈਦਾਨ ਤੋਂ ਦੂਰ ਰਹਿਣਾ ਪੈ ਸਕਦਾ ਹੈ। ਟੀਮ ਇੰਡੀਆ ਕੋਲ ਹੁਣ ਬੁਮਰਾਹ ਦਾ ਬਦਲ ਲੱਭਣ ਦੀ ਚੁਣੌਤੀ ਹੈ। ਬੁਮਰਾਹ ਦੇ ਬਦਲ ਵਜੋਂ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਵਿੱਚੋਂ ਕਿਸੇ ਇੱਕ ਨੂੰ ਟੀਮ ਇੰਡੀਆ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।