Sports News: ਕ੍ਰਿਕਟ ਜਗਤ ਨਾਲ ਜੁੜੇ ਖਿਡਾਰੀ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਵਿਨੋਦ ਕਾਂਬਲੀ ਦੀ ਮਾੜੀ ਆਰਥਿਕ ਹਾਲਤ ਦੁਨੀਆ ਦੇ ਸਾਹਮਣੇ ਆ ਗਈ ਹੈ। ਹੁਣ ਇਹ ਖੁਲਾਸਾ ਹੋਇਆ ਹੈ ਕਿ ਇਸ 52 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਕੋਲ ਪਿਛਲੇ 6 ਮਹੀਨਿਆਂ ਤੋਂ ਫੋਨ ਨਹੀਂ ਹੈ ਕਿਉਂਕਿ ਉਹ ਆਈਫੋਨ ਦੀ ਮੁਰੰਮਤ ਲਈ 15,000 ਰੁਪਏ ਦੀ ਰਕਮ ਦਾ ਭੁਗਤਾਨ ਕਰਨ ਵਿੱਚ ਅਸਫਲ ਰਹੇ। ਰਕਮ ਨਾ ਦੇਣ ਦੇ ਬਦਲੇ ਦੁਕਾਨ ਮਾਲਕ ਨੇ ਕਾਂਬਲੀ ਤੋਂ ਫ਼ੋਨ ਵਾਪਸ ਲੈ ਲਿਆ ਹੈ, ਜਿਸ ਕਾਰਨ ਉਹ ਕਈ ਮਹੀਨਿਆਂ ਤੋਂ ਫ਼ੋਨ ਰਾਹੀਂ ਕਿਸੇ ਨਾਲ ਸੰਪਰਕ ਨਹੀਂ ਕਰ ਸਕੇ।


ਵਿਨੋਦ ਕਾਂਬਲੀ ਫਿਲਹਾਲ ਠਾਣੇ ਦੇ ਆਕ੍ਰਿਤੀ ਹਸਪਤਾਲ 'ਚ ਦਾਖਲ ਹਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਵੱਲੋਂ ਕੀਤੀ ਜਾਂਚ ਦੌਰਾਨ ਪਤਾ ਲੱਗਾ ਕਿ ਕਾਂਬਲੀ ਦੇ ਦਿਮਾਗ ਵਿੱਚ ਖੂਨ ਦੇ ਗਤਲੇ ਬਣ ਗਏ ਹਨ ਅਤੇ ਉਸ ਨੂੰ ਯੂਰਿਨਰੀ ਇਨਫੈਕਸ਼ਨ ਦੀ ਸਮੱਸਿਆ ਵੀ ਹੈ। ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਪਰ ਇਸ ਦੇ ਨਾਲ ਹੀ ਡਾਕਟਰਾਂ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਯਾਦਦਾਸ਼ਤ ਖਤਮ ਹੋ ਗਈ ਹੈ। ਕਾਂਬਲੀ ਦਾ ਇਲਾਜ ਕਰ ਰਹੇ ਡਾ. ਦਿਵੇਦੀ ਨੇ ਕਿਹਾ, "ਸਮਾਂ ਬੀਤਣ ਅਤੇ ਮੁੜ ਵਸੇਬੇ ਦੇ ਨਾਲ, ਕਾਂਬਲੀ ਆਪਣੀ ਯਾਦਦਾਸ਼ਤ ਦਾ ਲਗਭਗ 80-90% ਮੁੜ ਪ੍ਰਾਪਤ ਕਰ ਸਕਦੇ ਹਨ।"


ਇੱਕ ਸਮਾਂ ਸੀ ਜਦੋਂ ਕਾਂਬਲੀ ਦੀ ਕੁੱਲ ਜਾਇਦਾਦ 13 ਕਰੋੜ ਰੁਪਏ ਸੀ, ਪਰ ਹੁਣ ਉਨ੍ਹਾਂ ਦਾ ਪਰਿਵਾਰ ਬੀਸੀਸੀਆਈ ਤੋਂ ਮਿਲਣ ਵਾਲੀ ਪੈਨਸ਼ਨ ਤੋਂ ਆਪਣਾ ਖਰਚਾ ਚਲਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਕ੍ਰਿਕਟ ਖਿਡਾਰੀ ਹੋਣ ਕਾਰਨ ਬੀਸੀਸੀਆਈ ਉਨ੍ਹਾਂ ਨੂੰ 30 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੰਦੀ ਹੈ। ਕਾਂਬਲੀ ਦੀ ਪਤਨੀ ਐਂਡਰੀਆ ਹੈਵਿਟ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਹਾਊਸਿੰਗ ਸੁਸਾਇਟੀ 18 ਲੱਖ ਰੁਪਏ ਦੀ ਮੇਨਟੇਨੈਂਸ ਫੀਸ ਨੂੰ ਲੈ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਇੱਕ ਸਿਆਸੀ ਪਾਰਟੀ ਨੇ 5 ਲੱਖ ਰੁਪਏ ਦੀ ਮਦਦ ਦੀ ਪੇਸ਼ਕਸ਼ ਕੀਤੀ ਸੀ, ਪਰ ਇਹ ਫੀਸ ਅਦਾ ਕਰਨ ਲਈ ਕਾਫੀ ਨਹੀਂ ਹੈ।


ਇੰਨੀਆਂ ਮੁਸ਼ਕਿਲਾਂ ਦੇ ਬਾਵਜੂਦ ਵਿਨੋਦ ਕਾਂਬਲੀ ਨੇ ਸਕਾਰਾਤਮਕ ਰਵੱਈਆ ਅਪਣਾਇਆ ਹੈ ਅਤੇ ਹਸਪਤਾਲ 'ਚ ਡਾਂਸ ਕਰਦੇ ਵੀ ਨਜ਼ਰ ਆਏ। ਕਾਂਬਲੀ ਨੇ ਦੱਸਿਆ ਕਿ ਉਹ ਇਸ ਮੁਕਾਮ ਤੱਕ ਆਪਣੀ ਜ਼ਿੰਦਗੀ ਦਾ ਸਫਰ ਸਿਰਫ ਆਪਣੇ ਪ੍ਰਸ਼ੰਸਕਾਂ ਅਤੇ ਆਪਣੇ ਕਰੀਬੀਆਂ ਦੇ ਸਹਿਯੋਗ ਨਾਲ ਹੀ ਕਰ ਸਕਿਆ ਹੈ।