Shahid Afridi Youtube Channel Banned in India: ਪਹਿਲਗਾਮ ਅੱਤਵਾਦੀ ਹਮਲੇ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਸ਼ਾਹਿਦ ਅਫਰੀਦੀ ਦੇ ਯੂਟਿਊਬ ਚੈਨਲ 'ਤੇ ਭਾਰਤ ਨੇ ਪਾਬੰਦੀ ਲਗਾ ਦਿੱਤੀ ਹੈ। ਹੁਣ ਭਾਰਤ ਵਿੱਚ ਕੋਈ ਵੀ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੇ ਯੂਟਿਊਬ ਚੈਨਲ ਨੂੰ ਨਹੀਂ ਦੇਖ ਸਕੇਗਾ। ਇਸ ਤੋਂ ਪਹਿਲਾਂ ਭਾਰਤ ਸਰਕਾਰ ਕਈ ਹੋਰ ਪਾਕਿਸਤਾਨੀ ਕ੍ਰਿਕਟਰਾਂ ਵਿਰੁੱਧ ਕਾਰਵਾਈ ਕਰ ਚੁੱਕੀ ਹੈ।

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸ਼ਾਹਿਦ ਅਫਰੀਦੀ ਤੋਂ ਪਹਿਲਾਂ, ਸ਼ੋਏਬ ਅਖਤਰ, ਰਾਸ਼ਿਦ ਲਤੀਫ ਅਤੇ ਤਨਵੀਰ ਅਹਿਮਦ ਵਰਗੇ ਮਹਾਨ ਕ੍ਰਿਕਟਰਾਂ ਦੇ ਯੂਟਿਊਬ ਚੈਨਲਾਂ ਨੂੰ ਭਾਰਤ ਵਿੱਚ ਬੈਨ ਕੀਤਾ ਜਾ ਚੁੱਕਿਆ ਹੈ। ਭਾਰਤ ਸਰਕਾਰ ਨੇ ਇਹ ਕਾਰਵਾਈ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕੀਤੀ ਹੈ।

ਅਫਰੀਦੀ ਨੇ ਪਾਕਿਸਤਾਨ ਦੇ ਕਾਇਰਤਾਪੂਰਨ ਕਾਰੇ ਦਾ ਮੰਗਿਆ ਸੀ ਸਬੂਤ 

ਸ਼ਾਹਿਦ ਅਫਰੀਦੀ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਗਲਤ ਇਤਰਾਜ਼ਯੋਗ ਬਿਆਨ ਦਿੱਤਾ ਸੀ। ਅਫਰੀਦੀ ਨੇ ਕਿਹਾ ਸੀ ਕਿ ਮੇਰਾ ਮੰਨਣਾ ਹੈ ਕਿ ਇਸ ਮੁੱਦੇ 'ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜਿਵੇਂ ਹੀ ਭਾਰਤ ਵਿੱਚ ਹਮਲਾ ਹੋਇਆ, ਸਿੱਧੇ ਤੌਰ 'ਤੇ ਪਾਕਿਸਤਾਨ ਦਾ ਨਾਮ ਲਿਆ ਗਿਆ। ਜਦੋਂ ਕਿ ਭਾਰਤ ਨੂੰ ਸਬੂਤਾਂ ਦੇ ਨਾਲ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਫਿਰ ਦੁਨੀਆ ਨੂੰ ਦੱਸਣਾ ਚਾਹੀਦਾ ਹੈ। ਕੋਈ ਵੀ ਧਰਮ ਅੱਤਵਾਦ ਦਾ ਸਮਰਥਨ ਨਹੀਂ ਕਰਦਾ।

ਅਫਰੀਦੀ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਜੋ ਹੋਇਆ ਉਹ ਬਹੁਤ ਹੀ ਮੰਦਭਾਗਾ ਸੀ। ਪਾਕਿਸਤਾਨ ਵਿੱਚ ਜੋ ਹੋ ਰਿਹਾ ਹੈ, ਉਹ ਵੀ ਅਫਸੋਸ ਦੀ ਗੱਲ ਹੈ, ਅਜਿਹਾ ਨਹੀਂ ਹੋਣਾ ਚਾਹੀਦਾ। ਮੇਰਾ ਮੰਨਣਾ ਹੈ ਕਿ ਗੁਆਂਢੀ ਦੇਸ਼ਾਂ ਨੂੰ ਇੱਕ ਦੂਜੇ ਨਾਲ ਬਿਹਤਰ ਢੰਗ ਨਾਲ ਰਹਿਣਾ ਚਾਹੀਦਾ ਹੈ ਅਤੇ ਲੜਾਈਆਂ ਤੋਂ ਬਚਣਾ ਚਾਹੀਦਾ ਹੈ।

ਪਹਿਲਾਂ ਇੱਕ ਮਾੜਾ ਬਿਆਨ ਦੇਣ ਤੋਂ ਬਾਅਦ, ਅਫਰੀਦੀ ਨੇ ਫਿਰ ਇੱਕ ਸ਼ਰਮਨਾਕ ਬਿਆਨ ਦਿੱਤਾ। ਇਸ ਵਾਰ ਉਨ੍ਹਾਂ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਹਮਲੇ ਦੇ ਇੱਕ ਘੰਟੇ ਦੇ ਅੰਦਰ-ਅੰਦਰ ਉਨ੍ਹਾਂ ਦਾ ਮੀਡੀਆ ਬਾਲੀਵੁੱਡ ਬਣ ਗਿਆ। ਰੱਬ ਦੀ ਖ਼ਾਤਰ, ਹਰ ਚੀਜ਼ ਨੂੰ ਬਾਲੀਵੁੱਡ ਨਾ ਬਣਾਓ। ਮੈਂ ਹੈਰਾਨ ਰਹਿ ਗਿਆ, ਬਾਕੀ ਮੈਂ ਮਜ਼ਾ ਲੈ ਰਿਹਾ ਸੀ, ਜਿਸ ਤਰੀਕੇ ਨਾਲ ਉਹ ਗੱਲ ਕਰ ਰਹੇ ਸੀ। ਜੇਕਰ ਭਾਰਤ ਵਿੱਚ ਪਟਾਕੇ ਵੀ ਚੱਲਦੇ ਹਨ, ਤਾਂ ਵੀ ਲੋਕ ਕਹਿੰਦੇ ਹਨ ਕਿ ਇਹ ਪਾਕਿਸਤਾਨ ਨੇ ਕੀਤਾ ਹੈ। ਤੁਹਾਡੇ ਕੋਲ ਕਸ਼ਮੀਰ ਵਿੱਚ 8 ਲੱਖ ਦੀ ਫੌਜ ਹੈ ਅਤੇ ਇਹ ਹੋ ਗਿਆ। ਇਸਦਾ ਮਤਲਬ ਹੈ ਕਿ ਤੁਸੀਂ ਨਿਕੰਮੇ ਅਤੇ ਨਾਲਾਇਕ ਹੋ, ਤੁਸੀਂ ਲੋਕਾਂ ਨੂੰ ਸਿਕਿਊਰਿਟੀ ਨਹੀਂ ਦੇ ਸਕੇ।