IPL 2024: ਆਈਪੀਐੱਲ 2024 'ਚ ਆਪਣੀ ਘਾਤਕ ਗੇਂਦਬਾਜ਼ੀ ਨਾਲ ਸਨਸਨੀ ਮਚਾਉਣ ਵਾਲੇ ਮਯੰਕ ਯਾਦਵ ਇਨ੍ਹੀਂ ਦਿਨੀਂ ਆਪਣੀ ਸੱਟ ਕਾਰਨ ਸੁਰਖੀਆਂ 'ਚ ਹਨ। ਹੁਣ ਲਖਨਊ ਸੁਪਰ ਜਾਇੰਟਸ ਦੇ ਸੀਈਓ ਵਿਨੋਦ ਬਿਸ਼ਟ ਨੇ ਮਯੰਕ ਦੀ ਫਿਟਨੈੱਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮਯੰਕ ਗੁਜਰਾਤ ਟਾਇਟਨਸ ਦੇ ਖਿਲਾਫ ਮੈਚ 'ਚ ਜ਼ਖਮੀ ਹੋ ਗਏ ਸੀ, ਜਿਸ 'ਚ ਲਖਨਊ ਨੇ ਪਹਿਲਾਂ ਖੇਡਦੇ ਹੋਏ 163 ਦੌੜਾਂ ਬਣਾਈਆਂ ਸਨ ਅਤੇ ਪਾਰੀ ਦੇ ਚੌਥੇ ਓਵਰ 'ਚ ਮਯੰਕ ਯਾਦਵ ਮੁਕਾਬਲੇ ਦਾ ਆਪਣਾ ਪਹਿਲਾ ਓਵਰ ਸੁੱਟਣ ਆਏ। ਉਸ ਓਵਰ 'ਚ ਉਸ ਨੇ 13 ਦੌੜਾਂ ਦਿੱਤੀਆਂ ਪਰ ਇਸ ਤੋਂ ਬਾਅਦ ਮੈਦਾਨ ਤੋਂ ਬਾਹਰ ਹੋ ਗਏ। ਅਜਿਹੇ 'ਚ ਉਨ੍ਹਾਂ ਦੀ ਫਿਟਨੈੱਸ 'ਤੇ ਸਵਾਲ ਉੱਠ ਰਹੇ ਸਨ। ਇਸ ਸੀਜ਼ਨ 'ਚ 156.7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਮਯੰਕ ਦੀ ਫਿਟਨੈੱਸ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।


ਐਲਐਸਜੀ ਦੇ ਸੀਈਓ ਵਿਨੋਦ ਬਿਸ਼ਟ ਨੇ ਦੱਸਿਆ, "ਮਯੰਕ ਯਾਦਵ ਨੂੰ ਪੇਟ ਦੇ ਹੇਠਲੇ ਹਿੱਸੇ ਵਿੱਚ ਹਲਕਾ ਦਰਦ ਮਹਿਸੂਸ ਹੋ ਰਿਹਾ ਹੈ। ਉਸ ਦੀ ਸਮੱਸਿਆ ਹੋਰ ਗੰਭੀਰ ਨਾ ਹੋ ਜਾਵੇ ਇਸ ਲਈ ਅਗਲੇ ਇੱਕ ਹਫ਼ਤੇ ਵਿੱਚ ਉਸ ਤੋਂ ਕੰਮ ਦਾ ਬੋਝ ਘੱਟ ਕਰ ਦਿੱਤਾ ਜਾਵੇਗਾ। ਸਾਨੂੰ ਉਮੀਦ ਹੈ ਕਿ ਮਯੰਕ ਜਲਦੀ ਹੀ ਮੈਦਾਨ ਵਿੱਚ ਵਾਪਸੀ ਕਰਨਗੇ।" ਮਯੰਕ ਯਾਦਵ ਨੇ ਹੁਣ ਤੱਕ 3 ਮੈਚਾਂ 'ਚ 6 ਵਿਕਟਾਂ ਲਈਆਂ ਹਨ ਅਤੇ ਉਨ੍ਹਾਂ ਦੀ ਘਾਤਕ ਗੇਂਦਬਾਜ਼ੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਰਪਲ ਕੈਪ ਜਿੱਤਣ ਦੇ ਮਜ਼ਬੂਤ ​​ਦਾਅਵੇਦਾਰਾਂ 'ਚ ਗਿਣਿਆ ਜਾਂਦਾ ਸੀ। ਵਿਨੋਦ ਬਿਸ਼ਟ ਦੇ ਬਿਆਨ ਤੋਂ ਪਹਿਲਾਂ ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਮਯੰਕ ਫਿੱਟ ਹਨ, ਪਰ ਦਰਦ ਕਾਰਨ ਉਨ੍ਹਾਂ ਨੇ ਗੁਜਰਾਤ ਖਿਲਾਫ ਬਾਕੀ ਬਚੇ 3 ਓਵਰ ਨਹੀਂ ਸੁੱਟੇ ਸਨ।


ਲਖਨਊ ਸੁਪਰ ਜਾਇੰਟਸ ਦਾ ਅਗਲਾ ਮੈਚ ਕਦੋਂ ?


ਲਖਨਊ ਸੁਪਰ ਜਾਇੰਟਸ ਨੇ ਹੁਣ ਤੱਕ IPL 2024 ਵਿੱਚ 4 ਮੈਚ ਖੇਡੇ ਹਨ। ਉਨ੍ਹਾਂ ਨੂੰ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਤੋਂ ਬਾਅਦ ਇਸ ਟੀਮ ਨੇ ਜਿੱਤ ਦੀ ਹੈਟ੍ਰਿਕ ਲਗਾਈ ਹੈ। LSG ਦਾ ਅਗਲਾ ਮੈਚ ਸ਼ੁੱਕਰਵਾਰ, 12 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਨਾਲ ਏਕਾਨਾ ਸਟੇਡੀਅਮ 'ਚ ਹੋਵੇਗਾ। ਕੇਐਲ ਰਾਹੁਲ ਦੀ ਕਪਤਾਨੀ ਵਿੱਚ ਐਲਐਸਜੀ ਲਗਾਤਾਰ ਤੀਜੇ ਸੈਸ਼ਨ ਵਿੱਚ ਪਲੇਆਫ ਵਿੱਚ ਜਾਣ ਦਾ ਆਪਣਾ ਦਾਅਵਾ ਮਜ਼ਬੂਤ ​​ਕਰ ਰਿਹਾ ਹੈ ਅਤੇ ਅਗਲੇ ਮੈਚ ਵਿੱਚ ਦਿੱਲੀ ਨੂੰ ਲਗਾਤਾਰ ਤੀਜੀ ਹਾਰ ਦਾ ਸਵਾਦ ਚਖਾਉਣਾ ਚਾਹੇਗਾ।