Jasprit Bumrah's Fitness: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah)  ਪਿਛਲੇ 6 ਮਹੀਨਿਆਂ ਤੋਂ ਆਪਣੀਆਂ ਸੱਟਾਂ ਤੋਂ ਉਭਰ ਨਹੀਂ ਸਕੇ ਹਨ। ਉਹ ਜੁਲਾਈ 'ਚ ਇੰਗਲੈਂਡ ਦੌਰੇ 'ਤੇ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਹ ਏਸ਼ੀਆ ਕੱਪ 'ਚ ਨਹੀਂ ਖੇਡ ਸਕੇ ਸੀ। ਉਹਨਾਂ ਨੇ ਸਤੰਬਰ 'ਚ ਆਸਟ੍ਰੇਲੀਆ ਸੀਰੀਜ਼ ਵਿੱਚ ਵਾਪਸੀ ਕੀਤੀ ਸੀ। ਉਨ੍ਹਾਂ ਦੋ ਟੀ-20 ਵੀ ਖੇਡੇ ਪਰ ਫਿਰ ਜ਼ਖਮੀ ਹੋ ਗਏ। ਹੁਣ ਜਦੋਂ ਇੱਕ ਵਾਰ ਫਿਰ ਉਸ ਦੀ ਵਾਪਸੀ ਲਗਭਗ ਤੈਅ ਹੋ ਗਈ ਸੀ, ਤਾਂ ਫਿਰ ਉਨ੍ਹਾਂ ਬੇਅਰਾਮੀ ਦੀ ਸ਼ਿਕਾਇਤ ਕੀਤੀ ਅਤੇ ਸ਼੍ਰੀਲੰਕਾ ਸੀਰੀਜ਼ ਤੋਂ ਬਾਹਰ ਹੋਣਾ ਪਿਆ।


ਬੁਮਰਾਹ ਨਾ ਸਿਰਫ ਸ਼੍ਰੀਲੰਕਾ ਦੇ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ ਹੋਏ, ਸਗੋਂ ਆਸਟ੍ਰੇਲੀਆ ਦੇ ਖਿਲਾਫ ਆਉਣ ਵਾਲੀ ਟੈਸਟ ਸੀਰੀਜ਼ 'ਚ ਵੀ ਉਨ੍ਹਾਂ ਨੂੰ ਖੇਡਣਾ ਮੁਸ਼ਕਿਲ ਹੋ ਰਿਹਾ ਹੈ। ਵੈਸੇ ਤਾਂ ਕਿਹਾ ਜਾ ਰਿਹਾ ਹੈ ਕਿ ਬੁਮਰਾਹ ਆਸਟ੍ਰੇਲੀਆ ਦੇ ਖਿਲਾਫ ਚਾਰ ਟੈਸਟਾਂ 'ਚੋਂ ਆਖਰੀ ਦੋ ਟੈਸਟਾਂ ਲਈ ਖੇਡ ਸਕਦੇ ਹਨ, ਪਰ ਇਸ ਵਾਰ ਬਾਰ-ਬਾਰ ਜ਼ਖਮੀ ਹੋ ਰਹੇ ਬੁਮਰਾਹ ਲਈ BCCI ਕੋਈ ਜੋਖਮ ਨਹੀਂ ਉਠਾਉਣਾ ਚਾਹੇਗਾ। ਯਾਨੀ ਸੰਭਾਵਤ ਤੌਰ 'ਤੇ ਬੁਮਰਾਹ ਪੂਰੀ ਆਸਟ੍ਰੇਲੀਆ ਸੀਰੀਜ਼ ਤੋਂ ਬਾਹਰ ਰਹਿ ਸਕਦੇ ਹਨ।


‘ਬੁਮਰਾਹ ਨੂੰ ਲੈ ਕੇ ਵਾਧੂ ਚੌਕਸੀ ਵਰਤਣੀ ਪਵੇਗੀ’


ਇੱਕ ਰਿਪੋਰਟ ਵਿੱਚ, BCCI ਦੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ, 'ਬੁਮਰਾਹ ਨੂੰ ਯਕੀਨੀ ਤੌਰ 'ਤੇ ਸ਼੍ਰੀਲੰਕਾ ਦੇ ਖਿਲਾਫ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਇਹ ਉਹਨਾਂ 'ਤੇ ਛੱਡ ਦਿੱਤਾ ਗਿਆ ਸੀ ਕਿ ਉਹ ਆਪਣੀ ਪੂਰੀ ਸਮਰੱਥਾ ਨਾਲ ਖੇਡ ਸਕਦੇ ਹੈ ਜਾਂ ਨਹੀਂ। ਉਨ੍ਹਾਂ ਫਿੱਟ ਹੋਣ ਲਈ NCA ਵਿੱਚ ਸਖ਼ਤ ਮਿਹਨਤ ਕੀਤੀ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਫਿਰ ਤੋਂ ਜਕੜਨ ਮਹਿਸੂਸ ਹੋਈ। ਜੇਕਰ ਉਹ ਕਹਿ ਰਹੇ ਹਨ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ ਤਾਂ ਤੁਹਾਨੂੰ ਉਨ੍ਹਾਂ ਨੂੰ ਆਰਾਮ ਦੇਣਾ ਪਵੇਗਾ। ਸਾਨੂੰ ਬੁਮਰਾਹ ਨਾਲ ਜ਼ਿਆਦਾ ਸਾਵਧਾਨ ਰਹਿਣਾ ਹੋਵੇਗਾ।


ਸੂਤਰ ਮੁਤਾਬਕ BCCI ਅਤੇ ਟੀਮ ਪ੍ਰਬੰਧਨ ਚਾਹੁੰਦੇ ਹਨ ਕਿ ਬੁਮਰਾਹ ਭਾਵੇਂ ਪੂਰਾ ਸਾਲ ਨਾ ਖੇਡੇ ਪਰ ਉਹ ਵੱਡੇ ਟੂਰਨਾਮੈਂਟਾਂ ਅਤੇ ਅਹਿਮ ਸੀਰੀਜ਼ਾਂ 'ਚ ਪੂਰੀ ਤਰ੍ਹਾਂ ਫਿੱਟ ਰਹਿਣ। ਸੂਤਰ ਨੇ ਕਿਹਾ, 'ਉਨ੍ਹਾਂ (ਬੁਮਰਾਹ) ਨੂੰ ਕਿਹਾ ਗਿਆ ਹੈ ਕਿ ਆਸਟਰੇਲੀਆ ਸੀਰੀਜ਼ 'ਚ ਉਨ੍ਹਾਂ ਦੀ ਲੋੜ ਹੈ। ਉਨ੍ਹਾਂ ਨੂੰ ਘੱਟੋ-ਘੱਟ ਤਿੰਨ ਟੈਸਟਾਂ ਲਈ ਉਪਲਬਧ ਰਹਿਣ ਲਈ ਕਿਹਾ ਗਿਆ ਹੈ। ਫਿਰ ਜੇਕਰ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਕੁਆਲੀਫਾਈ ਕਰ ਲੈਂਦੀ ਹੈ ਤਾਂ ਟੀਮ ਨੂੰ ਜੂਨ 'ਚ ਹੋਣ ਵਾਲੇ WTC ਫਾਈਨਲ 'ਚ ਉਨ੍ਹਾਂ ਦੀ ਜ਼ਰੂਰਤ ਹੋਵੇਗੀ। ਇਸ ਤੋਂ ਬਾਅਦ ਵਨਡੇ ਵਿਸ਼ਵ ਕੱਪ ਵਿਚ ਉਨ੍ਹਾਂ ਦੀ ਉਪਲਬਧਤਾ ਬਹੁਤ ਮਹੱਤਵਪੂਰਨ ਹੋਵੇਗੀ।