ਚੰਡੀਗੜ੍ਹ: ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਟ੍ਰੇਂਟ ਬੋਲਟ ਦੀ ਘਾਤਕ ਗੇਂਦਬਾਜ਼ੀ ਸਾਹਮਣੇ ਦਿੱਲੀ ਕੈਪੀਟਲਜ਼ ਦੇ ਬੱਲੇਬਾਜ਼ਾਂ ਨੇ ਗੋਡੇ ਟੇਕ ਦਿੱਤੇ। ਬੋਲਟ ਤੇ ਬੁਮਰਾਹ ਨੇ ਮਿਲ ਕੇ ਦਿੱਲੀ ਨੂੰ ਜੋ ਸ਼ੁਰੂਆਤੀ ਝਟਕੇ ਦਿੱਤੇ, ਉਸ ਤੋਂ ਇਹ ਟੀਮ ਨਿਕਲ ਨਾ ਸਕੀ ਤੇ ਪਹਿਲੇ ਕੁਆਲੀਫ਼ਾਈਰ ਮੁਕਾਬਲੇ ’ਚ ਦਿੱਲੀ ਉੱਤੇ ਜਿੱਤ ਹਾਸਲ ਕਰਕੇ ਮੁੰਬਈ ਨੇ ਆਈਪੀਐਲ 2020 ਦੇ ਫ਼ਾਈਨਲ ਦਾ ਟਿਕਟ ਕਟਵਾ ਲਿਆ।

ਇਸ ਮੈਚ ਦੌਰਾਨ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਬੇਹੱਦ ਘਾਤਕ ਰਹੀ ਤੇ ਉਨ੍ਹਾਂ ਆਪਣੇ ਆਈਪੀਐਲ ਕਰੀਅਰ ਦੀ ਬੈਸਟ ਗੇਂਦਬਾਜ਼ੀ ਕਰ ਦਿੱਤੀ। ਬੁਮਰਾਹ ਨੇ ਇਸ ਮੁਕਾਬਲੇ ’ਚ ਦਿੱਲੀ ਦੀ ਟੀਮ ਵਿਰੁੱਧ ਆਪਣੇ ਸਪੈੱਲ ਦੇ 4 ਓਵਰਾਂ ’ਚ 14 ਦੌੜਾਂ ਦੇ ਕੇ 4 ਵਿਕੇਟ ਲਏ ਤੇ ਇੱਕ ਓਵਰ ਮੇਡਨ ਵੀ ਰੱਖਿਆ। ਉਨ੍ਹਾਂ ਸ਼ਿਖਰ ਧਵਨ ਤੇ ਡੈਨੀਅਲ ਸੈਮਜ਼ ਨੂੰ ਸਿਫ਼ਰ ਉੰਤੇ ਆਊਟ ਕੀਤਾ ਤੇ ਵਧੀਆ ਬੱਲੇਬਾਜ਼ੀ ਕਰ ਰਹੇ ਤੇ ਮੁੰਬਈ ਲਈ ਖ਼ਤਰਨਾਕ ਸਿੱਧ ਹੋ ਰਹੇ ਸਟੋਇਨਿਸ ਨੂੰ 65 ਦੌੜਾਂ ਉੱਤੇ ਕਲੀਨ ਬੋਲਡ ਕਰ ਦਿੱਤਾ। ਬੁਮਰਾਹ ਨੇ ਟੀਮ ਦੇ ਕਪਤਾਨ ਸ਼੍ਰੇਯਸ ਅਈਅਰ ਨੂੰ ਵੀ 12 ਦੌੜਾਂ ਦੇ ਸਕੋਰ ਉੱਤੇ ਆਪਣਾ ਸ਼ਿਕਾਰ ਬਣਾਇਆ।

ਬੁਮਰਾਹ ਆਪਣੀ ਇਸ ਘਾਤਕ ਗੇਂਦਬਾਜ਼ੀ ਦੇ ਦਮ ’ਤੇ ਆਈਪੀਐਲ ਦੇ ਇੱਕ ਸੀਜ਼ਨ ਵਿੱਚ ਭਾਰਤੀ ਗੇਂਦਬਾਜ਼ੀ ਵਜੋਂ ਸਭ ਤੋਂ ਵੱਧ ਵਿਕੇਟਾਂ ਲੈਣ ਵਾਲੇ ਖਿਡਾਰੀ ਵੀ ਬਣ ਗਏ। ਆਈਪੀਐਲ ਦੇ ਇੱਕ ਸੀਜ਼ਨ ਵਿੱਚ ਭਾਰਤੀ ਗੇਂਦਬਾਜ਼ ਵਜੋਂ ਸਭ ਤੋਂ ਜ਼ਿਆਦਾ ਵਿਕੇਟਾਂ ਲੈਣ ਦਾ ਕਮਾਲ ਸਾਲ 2017 ’ਚ ਭੁਵਨੇਸ਼ਵਰ ਕੁਮਾਰ ਨੇ ਕੀਤਾ ਸੀ। ਉਨ੍ਹਾਂ ਇਸ ਸੀਜ਼ਨ ਵਿੱਚ ਕੁੱਲ 26 ਵਿਕੇਟਾਂ ਹਾਸਲ ਕੀਤੀਆਂ ਸਨ। ਹੁਣ ਬੁਮਰਾਹ ਨੇ ਉਨ੍ਹਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਆਈਪੀਐਲ ਦੇ 13ਵੇਂ ਸੀਜ਼ਨ ਵਿੱਚ ਹੁਣ ਤੱਕ 27 ਵਿਕੇਟਾਂ ਲੈ ਕੇ ਪਹਿਲੇ ਨੰਬਰ ਉੱਤੇ ਆ ਗਏ ਹਨ।

ਆਈਪੀਐਲ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਵਿਕੇਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼:

27 – ਜਸਪ੍ਰੀਤ ਬੁਮਰਾਹ (2020)*

26 – ਭੁਵਨੇਸ਼ਵਰ ਕੁਮਾਰ (2017)

24 – ਹਰਭਜਨ ਸਿੰਘ (2013)

24 – ਜੈਦੇਵ ਉਨਾਦਕਟ (2017)

ਦਿੱਲੀ ਵਿਰੁੱਧ ਪਹਿਲੇ ਕੁਆਲੀਫ਼ਾਇਰ ਮੈਚ ਵਿੱਚ ਮੁੰਬਈ ਨੇ 20 ਓਵਰਾਂ ’ਚ 5 ਵਿਕਟਾਂ ਉੱਤੇ 200 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ਵਿੱਚ ਦਿੱਲੀ ਦੀ ਟੀਮ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਤੇ ਟੀਮ ਦੇ ਤਿੰਨ ਵਿਕੇਟ ਸਿਫ਼ਰ ਦੇ ਸਕੋਰ ਉੱਤੇ ਹੀ ਡਿੱਗ ਪਏ। ਦੂਜੀ ਪਾਰੀ ਦੇ ਪਹਿਲੇ ਹੀ ਓਵਰ ’ਚ ਮੁੰਬਈ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਪ੍ਰਿਥਵੀ ਸ਼ਾੱਅ ਅਤੇ ਅਜਿੰਕਯ ਰਹਾਣੇ ਨੂੰ ਸਿਫ਼ਰ ਦੇ ਸਕੋਰ ਉੱਤੇ ਆਊਟ ਕਰ ਦਿੱਤਾ ਤੇ ਇਸ ਤੋਂ ਬਾਅਦ ਅਗਲੇ ਹੀ ਓਵਰ ਵਿੱਚ ਬੁਮਰਾਹ ਨੇ ਸ਼ਿਖਰ ਧਵਨ ਨੂੰ ਡੱਕ ਉੱਤੇ ਆਊਟ ਕਰ ਕੇ ਟੀਮ ਨੂੰ ਬੈਕਫ਼ੁੱਟ ਵੱਲ ਧੱਕ ਦਿੱਤਾ।

ਇਸ ਤੋਂ ਬਾਅਦ ਸਟਾਇਨਿਸ ਨੇ 65 ਦੌੜਾਂ ਜਦ ਕਿ ਅਕਸ਼ਰ ਪਟੇਲ ਨੇ 42 ਦੌੜਾਂ ਬਣਾ ਕੇ ਸੰਘਰਸ਼ ਜ਼ਰੂਰ ਕੀਤਾ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ ਤੇ ਪੂਰੀ ਟੀਮ 20 ਓਵਰਾਂ ਵਿੱਚ 8 ਵਿਕੇਟਾਂ ਉੱਤੇ 143 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਮੁੰਬਈ ਨੂੰ 57 ਦੌੜਾਂ ਨਾਲ ਜਿੱਤ ਮਿਲੀ ਤੇ ਇਹ ਟੀਮ ਇਸ ਸੀਜ਼ਨ ਦੀ ਪਹਿਲੀ ਫ਼ਾਈਲਿਸਟ ਬਣ ਗਈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904