Indian Premier League 2023: ਸਾਰੇ ਕ੍ਰਿਕਟ ਪ੍ਰਸ਼ੰਸਕ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਮੁੜ ਮੈਦਾਨ 'ਤੇ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਾਰਿਆਂ ਨੂੰ ਉਮੀਦ ਸੀ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (IPL) 2023 ਦੇ ਸੀਜ਼ਨ 'ਚ ਫਿੱਟ ਹੋ ਕੇ ਵਾਪਸੀ ਕਰਨਗੇ ਪਰ ਹੁਣ ਸਾਹਮਣੇ ਆ ਰਹੀਆਂ ਖਬਰਾਂ ਮੁਤਾਬਕ ਉਹ ਪੂਰੇ ਸੀਜ਼ਨ ਤੋਂ ਬਾਹਰ ਰਹਿ ਸਕਦੇ ਹਨ।
ਜਸਪ੍ਰੀਤ ਬੁਮਰਾਹ ਇਸ ਸਮੇਂ ਨੈਸ਼ਨਲ ਕ੍ਰਿਕੇਟ ਅਕੈਡਮੀ (ਐਨਸੀਏ) ਵਿੱਚ ਰੀਹੈਬ ਕਰ ਰਿਹਾ ਹੈ ਅਤੇ ਕੁਝ ਸਮੇਂ ਤੋਂ ਉੱਥੇ ਗੇਂਦਬਾਜ਼ੀ ਦਾ ਅਭਿਆਸ ਵੀ ਕਰ ਰਿਹਾ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਦੇ ਆਖਰੀ 2 ਮੈਚਾਂ 'ਚ ਖੇਡਦੇ ਨਜ਼ਰ ਆ ਸਕਦੇ ਹਨ ਪਰ ਚੋਣਕਾਰਾਂ ਨੇ ਉਨ੍ਹਾਂ ਦੀ ਫਿਟਨੈੱਸ ਦੇ ਆਧਾਰ 'ਤੇ ਕੋਈ ਜੋਖਮ ਲਏ ਬਿਨਾਂ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ।
ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਉਹ ਆਸਟ੍ਰੇਲੀਆ ਖਿਲਾਫ਼ ਟੀ-20 ਸੀਰੀਜ਼ ਦੌਰਾਨ ਖੇਡਿਆ ਸੀ ਪਰ ਉਸ ਤੋਂ ਬਾਅਦ ਪਿੱਠ ਦੀ ਸੱਟ ਕਾਰਨ ਉਸ ਨੂੰ ਬਾਹਰ ਹੋਣਾ ਪਿਆ ਸੀ। ਹੁਣ ਕਰੀਬ 8 ਮਹੀਨੇ ਬੀਤ ਚੁੱਕੇ ਹਨ, ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਆ ਰਹੀਆਂ ਖਬਰਾਂ ਮੁਤਾਬਕ ਉਮੀਦ ਕੀਤੀ ਜਾ ਰਹੀ ਸੀ ਕਿ ਉਹ IPL 2023 ਸੀਜ਼ਨ ਤੋਂ ਵਾਪਸੀ ਕਰੇਗਾ ਪਰ ਕ੍ਰਿਕਬਜ਼ ਦੀ ਇਕ ਖਬਰ ਮੁਤਾਬਕ ਉਹ ਇਸ ਪੂਰੇ ਸੀਜ਼ਨ ਤੋਂ ਵੀ ਬਾਹਰ ਰਹਿ ਸਕਦੇ ਹਨ।
ਬੁਮਰਾਹ ਦਾ ਬਾਹਰ ਹੋਣਾ ਮੁੰਬਈ ਇੰਡੀਅਨਜ਼ ਲਈ ਹੋਵੇਗਾ ਵੱਡਾ ਝਟਕਾ
ਜਸਪ੍ਰੀਤ ਬੁਮਰਾਹ ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਸਫਲ ਫ੍ਰੈਂਚਾਇਜ਼ੀ ਮੁੰਬਈ ਇੰਡੀਅਨਜ਼ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ। ਉਸ ਦੇ ਬਾਹਰ ਹੋਣ ਕਾਰਨ ਇਸ ਦਾ ਅਸਰ ਟੀਮ ਦੇ ਗੇਂਦਬਾਜ਼ੀ ਕ੍ਰਮ 'ਤੇ ਸਾਫ ਦੇਖਿਆ ਜਾ ਸਕਦਾ ਹੈ। ਅਜਿਹੇ 'ਚ ਫਰੈਂਚਾਇਜ਼ੀ ਲਈ ਉਸ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਦਾ ਬਦਲ ਲੱਭਣਾ ਆਸਾਨ ਕੰਮ ਨਹੀਂ ਹੋਵੇਗਾ।
ਹਾਲਾਂਕਿ, ਟੀਮ ਲਈ ਚੰਗੀ ਖ਼ਬਰ ਇਹ ਹੈ ਕਿ ਜੋਫਰਾ ਆਰਚਰ, ਜੋ ਕਿ ਅਨਫਿੱਟ ਹੋਣ ਕਾਰਨ ਪਿਛਲੇ ਸੀਜ਼ਨ ਦੇ ਪੂਰੇ ਸੀਜ਼ਨ ਲਈ ਬਾਹਰ ਰਹੇ ਸਨ, ਆਉਣ ਵਾਲੇ ਸੀਜ਼ਨ ਵਿੱਚ ਟੀਮ ਲਈ ਬੁਮਰਾਹ ਦੀ ਗੈਰ-ਮੌਜੂਦਗੀ ਵਿੱਚ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਦੇ ਨਜ਼ਰ ਆ ਸਕਦੇ ਹਨ।