Joe Root Captaincy Resign: ਇੰਗਲੈਂਡ ਦੇ ਮਹਾਨ ਬੱਲੇਬਾਜ਼ ਜੋ ਰੂਟ ਨੇ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। ਉਨ੍ਹਾਂ ਨੇ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਮਾਹਰਾਂ ਦੀ ਮੰਨੀਏ ਤਾਂ ਜੋ ਰੂਟ ਦਾ ਇਹ ਫੈਸਲਾ ਟੈਸਟ ਮੈਚਾਂ 'ਚ ਇੰਗਲੈਂਡ ਟੀਮ ਦੇ ਲਗਾਤਾਰ ਖਰਾਬ ਪ੍ਰਦਰਸ਼ਨ ਕਾਰਨ ਸਾਹਮਣੇ ਆਇਆ ਹੈ। ਰੂਟ ਲੰਬੇ ਸਮੇਂ ਤੱਕ ਇੰਗਲੈਂਡ ਦੇ ਕਪਤਾਨ ਸਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਕਪਤਾਨੀ 'ਚ ਇੰਗਲੈਂਡ ਦਾ ਪ੍ਰਦਰਸ਼ਨ ਕਾਫੀ ਮੱਧਮ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ।


ਦੱਸ ਦਈਏ ਕਿ ਰੂਟ ਲਗਪਗ ਪੰਜ ਸਾਲ ਤੱਕ ਇੰਗਲੈਂਡ ਦੇ ਕਪਤਾਨ ਰਹੇ। ਆਸਟ੍ਰੇਲੀਆ ਖਿਲਾਫ ਪਹਿਲੀ ਐਸ਼ੇਜ਼ ਸੀਰੀਜ਼ ਤੇ ਫਿਰ ਵੈਸਟਇੰਡੀਜ਼ ਤੋਂ ਟੈਸਟ ਸੀਜ਼ਨ ਹਾਰਨ ਤੋਂ ਬਾਅਦ ਉਨ੍ਹਾਂ ਦੀ ਕਪਤਾਨੀ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਬੱਲੇਬਾਜ਼ ਦੇ ਤੌਰ 'ਤੇ ਉਨ੍ਹਾਂ ਦਾ ਪ੍ਰਦਰਸ਼ਨ ਲੰਬੇ ਸਮੇਂ ਤੋਂ ਚੰਗਾ ਰਿਹਾ ਹੈ ਪਰ ਟੈਸਟ 'ਚ ਕਪਤਾਨ ਦੇ ਤੌਰ 'ਤੇ ਫਲਾਪ ਜਾ ਰਿਹਾ ਸੀ। 


ਉਨ੍ਹਾਂ ਦੀ ਟੀਮ ਨੇ ਆਪਣੇ ਆਖਰੀ 17 ਟੈਸਟ ਮੈਚਾਂ ਵਿੱਚੋਂ ਸਿਰਫ਼ ਇੱਕ ਹੀ ਜਿੱਤਿਆ, ਜਿਸ ਤੋਂ ਬਾਅਦ ਕਈ ਦਿੱਗਜਾਂ ਨੇ ਉਨ੍ਹਾਂ ਨੂੰ ਕਪਤਾਨੀ ਛੱਡਣ ਦੀ ਸਲਾਹ ਦਿੱਤੀ। ਇਹ ਦੇਖਣਾ ਬਾਕੀ ਹੈ ਕਿ ਹੁਣ ਇਹ ਭੂਮਿਕਾ ਕਿਸ ਖਿਡਾਰੀ ਨੂੰ ਸੌਂਪੀ ਜਾਵੇਗੀ।


ਜੋ ਰੂਟ ਨੇ ਇਸ ਫੈਸਲੇ ਤੋਂ ਬਾਅਦ ਕਿਹਾ, 'ਕੈਰੇਬਿਆਈ ਦੌਰੇ ਤੋਂ ਵਾਪਸੀ ਤੇ ਸੋਚਣ ਦਾ ਸਮਾਂ ਮਿਲਣ ਤੋਂ ਬਾਅਦ ਮੈਂ ਇੰਗਲੈਂਡ ਦੀ ਟੈਸਟ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਇਹ ਮੇਰੇ ਕਰੀਅਰ ਦਾ ਸਭ ਤੋਂ ਚੁਣੌਤੀਪੂਰਨ ਫੈਸਲਾ ਰਿਹਾ ਹੈ, ਪਰ ਆਪਣੇ ਪਰਿਵਾਰ ਤੇ ਮੇਰੇ ਨਜ਼ਦੀਕੀ ਲੋਕਾਂ ਨਾਲ ਇਸ ਬਾਰੇ ਚਰਚਾ ਕਰਨ ਤੋਂ ਬਾਅਦ, ਮੈਂ ਮਹਿਸੂਸ ਕਰਦਾ ਹਾਂ ਕਿ ਸਮਾਂ ਸਹੀ ਹੈ। ਮੈਨੂੰ ਆਪਣੇ ਦੇਸ਼ ਦੀ ਕਪਤਾਨੀ ਕਰਨ 'ਤੇ ਬਹੁਤ ਮਾਣ ਹੈ ਤੇ ਮੈਂ ਪਿਛਲੇ ਪੰਜ ਸਾਲਾਂ ਨੂੰ ਬਹੁਤ ਮਾਣ ਨਾਲ ਦੇਖਾਂਗਾ। ਕੰਮ ਕਰਨਾ ਤੇ ਇੰਗਲਿਸ਼ ਕ੍ਰਿਕਟ ਦੇ ਸਿਖਰ ਦਾ ਰਖਵਾਲਾ ਬਣਨਾ ਸਨਮਾਨ ਦੀ ਗੱਲ ਹੈ।'' ਰੂਟ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਜਾਰੀ ਰੱਖੇਗਾ ਤੇ ਅਗਲੇ ਕਪਤਾਨ, ਟੀਮ ਦੇ ਸਾਥੀਆਂ ਤੇ ਕੋਚ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਰਹੇਗਾ।


ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਣ ਛੋਟੇ ਬੱਚਿਆਂ ਨੂੰ ਵੀ ਮਿਲੇਗੀ ਕੋਰੋਨਾ ਵੈਕਸੀਨ, Modernas ਨੇ ਦਿੱਤੀ ਇਸ ਵੈਕਸੀਨ ਨੂੰ ਮਨਜ਼ੂਰੀ