IPL 2024: ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਐਤਵਾਰ ਯਾਨੀ ਅੱਜ ਮੈਚ ਹੋਣ ਜਾ ਰਿਹਾ ਹੈ। ਦੋਵਾਂ ਟੀਮਾਂ ਦਾ ਇਹ ਮੈਚ ਕੋਲਕਾਤਾ ਸਥਿਤ ਈਡਨ ਗਾਰਡਨ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਤਿਆਰੀਆਂ ਕਰਦੀਆਂ ਨਜ਼ਰ ਆਈਆਂ, ਪਰ ਇਸ ਦੌਰਾਨ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੀ ਮੁਲਾਕਾਤ ਨੇ ਮਹਿਫਲ ਲੁੱਟ ਲਈ। ਕੇਕੇਆਰ ਦੇ ਐਕਸ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਆਪਣੇ ਪੁਰਾਣੇ ਮੁੱਦਿਆਂ ਨੂੰ ਭੁੱਲ ਕੇ ਇੱਕ ਦੂਜੇ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਵਿਰਾਟ ਕੋਹਲੀ ਕੇਕੇਆਰ ਦੇ ਟ੍ਰੇਨਿੰਗ ਕੈਂਪ 'ਚ ਆਏ ਅਤੇ ਟੀਮ ਮੈਂਟਰ ਗੰਭੀਰ ਨਾਲ ਕਾਫੀ ਚਰਚਾ ਕਰਦੇ ਨਜ਼ਰ ਆਏ।


IPL 2023 'ਚ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵਿਚਾਲੇ ਹੋਈ ਬਹਿਸ ਨੇ ਕ੍ਰਿਕਟ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਇੰਝ ਲੱਗਦਾ ਹੈ ਜਿਵੇਂ ਦੋਵਾਂ ਨੇ ਆਪਣੀ ਦੁਸ਼ਮਣੀ ਨੂੰ ਪਿੱਛੇ ਛੱਡ ਦਿੱਤਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੋਹਲੀ ਨੇ ਗੌਤਮ ਗੰਭੀਰ ਨੂੰ ਗਲੇ ਲਗਾਇਆ ਸੀ ਅਤੇ ਨਵੀਨ ਉਲ ਹੱਕ ਨਾਲ ਚੰਗੇ ਸਬੰਧਾਂ ਕਾਰਨ ਕੋਹਲੀ ਨੇ ਕਿਹਾ ਸੀ ਕਿ ਹੁਣ ਲੋਕਾਂ ਨੂੰ ਮਸਾਲਾ ਨਹੀਂ ਮਿਲ ਰਿਹਾ ਹੈ। ਕੋਹਲੀ ਅਤੇ ਗੰਭੀਰ ਦੀ ਇਸ ਮੁਲਾਕਾਤ ਨੇ ਇਹ ਸੰਦੇਸ਼ ਦਿੱਤਾ ਹੈ ਕਿ ਕ੍ਰਿਕਟ ਇਕ ਜੈਂਟਲਮੈਨ ਗੇਮ ਹੈ ਅਤੇ ਸਾਰਿਆਂ ਨੂੰ ਮਿਲ ਕੇ ਖੇਡਣਾ ਚਾਹੀਦਾ ਹੈ।






IPL 2024 ਵਿੱਚ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ


ਤੁਹਾਨੂੰ ਯਾਦ ਕਰਾ ਦੇਈਏ ਕਿ KKR ਅਤੇ RCB ਪਹਿਲਾਂ ਹੀ IPL 2024 ਵਿੱਚ ਆਹਮੋ-ਸਾਹਮਣੇ ਆ ਚੁੱਕੇ ਹਨ। ਉਸ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਵਾਰ ਰਾਇਲ ਚੈਲੰਜਰਜ਼ ਬੈਂਗਲੁਰੂ ਉਸ ਹਾਰ ਦਾ ਬਦਲਾ ਲੈਣ ਲਈ ਮੈਦਾਨ 'ਚ ਉਤਰੇਗੀ। ਉਥੇ ਹੀ ਵਿਰਾਟ ਕੋਹਲੀ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਨੇ ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਹੁਣ ਤੱਕ ਉਸ ਨੇ 7 ਮੈਚਾਂ 'ਚ 72.2 ਦੀ ਸ਼ਾਨਦਾਰ ਔਸਤ ਨਾਲ 361 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 1 ਸੈਂਕੜਾ ਅਤੇ 2 ਅਰਧ ਸੈਂਕੜੇ ਦੀ ਪਾਰੀ ਖੇਡ ਕੇ ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ 'ਚ ਜਗ੍ਹਾ ਬਣਾਉਣ ਦਾ ਆਪਣਾ ਦਾਅਵਾ ਮਜ਼ਬੂਤ ​​ਕਰ ਲਿਆ ਹੈ।