Yuvraj Singh Lok Sabha Election Gurdaspur: ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਸਿਆਸਤ ਵਿੱਚ ਐਂਟਰੀ ਨੂੰ ਲੈ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਯੁਵਰਾਜ ਸਿੰਘ ਆਗਾਮੀ ਲੋਕ ਸਭਾ ਚੋਣਾਂ 'ਚ ਗੁਰਦਾਸਪੁਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ? ਕੀ ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਯੁਵਰਾਜ ਸਿੰਘ ਨੇ ਰਾਜਨੀਤੀ 'ਚ ਆਉਣ ਦਾ ਫੈਸਲਾ ਕੀਤਾ ਹੈ? ਕੀ ਯੁਵਰਾਜ ਸਿੰਘ ਦਾ ਲੋਕ ਸਭਾ ਚੋਣ ਲੜਨਾ ਤੈਅ ਹੈ? ਪਿਛਲੇ ਕੁਝ ਦਿਨਾਂ ਤੋਂ ਯੁਵੀ ਨੂੰ ਲੈ ਕੇ ਅਜਿਹੀਆਂ ਕਈ ਖਬਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਫੈਲ ਰਹੀਆਂ ਹਨ। ਹੁਣ ਇਸ 'ਤੇ ਯੁਵਰਾਜ ਦਾ ਬਿਆਨ ਸਾਹਮਣੇ ਆਇਆ ਹੈ। ਯੁਵਰਾਜ ਨੇ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਜਵਾਬ ਦਿੱਤਾ ਹੈ। ਜਾਣੋ ਯੁਵੀ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਲੜਨ ਬਾਰੇ ਕੀ ਕਿਹਾ।


ਭਾਰਤੀ ਕ੍ਰਿਕੇਟ ਦੇ ਸਰਵਸ੍ਰੇਸ਼ਠ ਆਲਰਾਊਂਡਰਾਂ ਵਿੱਚੋਂ ਇੱਕ ਯੁਵਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਕਿ ਉਹ ਸਿਆਸਤ ਵਿੱਚ ਦਾਖਲ ਹੋ ਸਕਦਾ ਹੈ ਅਤੇ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਆਗਾਮੀ ਲੋਕ ਸਭਾ ਚੋਣਾਂ ਲੜ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਨੂੰਨ ਲੋੜਵੰਦ ਲੋਕਾਂ ਦੀ ਕਈ ਤਰੀਕਿਆਂ ਨਾਲ ਸਹਾਇਤਾ ਅਤੇ ਮਦਦ ਕਰਨਾ ਹੈ, ਜਿਸ ਨੂੰ ਉਹ ਆਪਣੀ ਸੰਸਥਾ ਰਾਹੀਂ ਜਾਰੀ ਰੱਖਣਗੇ। ਫਿਲਹਾਲ ਉਨ੍ਹਾਂ ਦੀ ਰਾਜਨੀਤੀ 'ਚ ਆਉਣ ਦੀ ਕੋਈ ਇੱਛਾ ਨਹੀਂ ਹੈ।






 


42 ਸਾਲਾ ਯੁਵਰਾਜ ਸਿੰਘ ਨੇ ਸ਼ੁੱਕਰਵਾਰ ਨੂੰ 'ਐਕਸ' (ਪਹਿਲਾਂ ਟਵਿੱਟਰ) 'ਤੇ ਪੋਸਟ ਕਰਦੇ ਹੋਏ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਉਲਟ, ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਹਾਂ। ਮੇਰਾ ਜਨੂੰਨ ਵੱਖ-ਵੱਖ ਸਾਧਨਾਂ ਅਤੇ ਸਮਰੱਥਾਵਾਂ ਰਾਹੀਂ ਲੋੜਵੰਦ ਲੋਕਾਂ ਦੀ ਸਹਾਇਤਾ ਅਤੇ ਮਦਦ ਕਰਨਾ ਹੈ, ਅਤੇ ਮੈਂ ਆਪਣੀ ਸੰਸਥਾ 'YouWeCan' ਰਾਹੀਂ ਅਜਿਹਾ ਕਰਨਾ ਜਾਰੀ ਰੱਖਾਂਗਾ।


ਇਸ ਤੋਂ ਪਹਿਲਾਂ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਗੁਰਦਾਸਪੁਰ ਸੀਟ ਤੋਂ ਯੁਵਰਾਜ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਫਿਲਹਾਲ ਇਸ ਸੀਟ ਤੋਂ ਅਭਿਨੇਤਾ ਸੰਨੀ ਦਿਓਲ ਭਾਜਪਾ ਦੇ ਸੰਸਦ ਮੈਂਬਰ ਹਨ। ਹਾਲਾਂਕਿ ਸੰਨੀ ਨੇ ਇਸ ਵਾਰ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।