Shoaib Akhtar Announce birth of his third child: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖਤਰ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੇ ਨਾ ਸਿਰਫ ਪ੍ਰਸ਼ੰਸਕਾਂ ਬਲਿਕ ਕ੍ਰਿਕਟ ਜਗਤ ਵਿੱਚ ਵੀ ਹਲਚਲ ਮਚਾ ਦਿੱਤੀ ਹੈ। ਦਰਅਸਲ, ਸ਼ੋਏਬ ਅਖਤਰ ਤੀਜੀ ਵਾਰ ਪਿਤਾ ਬਣ ਗਏ ਹਨ। ਜੀ ਹਾਂ, ਉਨ੍ਹਾਂ ਦੀ ਪਤਨੀ ਰੁਬਾਬ ਖਾਨ ਨੇ ਬੇਟੀ ਨੂੰ ਜਨਮ ਦਿੱਤਾ ਹੈ। ਬੀਤੇ ਦਿਨੀਂ ਯਾਨੀ 1 ਮਾਰਚ ਨੂੰ 48 ਸਾਲ ਦੇ ਸਾਬਕਾ ਕ੍ਰਿਕਟਰ ਨੇ ਆਪਣੇ ਘਰ ਬੇਟੀ ਦਾ ਸਵਾਗਤ ਕੀਤਾ। ਦੱਸ ਦੇਈਏ ਕਿ ਜੋੜੇ ਦੇ ਪਹਿਲਾਂ ਹੀ ਦੋ ਬੇਟੇ ਹਨ, ਮੁਹੰਮਦ ਮਿਕੇਲ ਅਲੀ ਅਤੇ ਮੁਹੰਮਦ ਮੁਜਦਾਦ ਅਲੀ, 2016 ਅਤੇ 2019 ਵਿੱਚ ਪੈਦਾ ਹੋਏ ਸੀ। ਅਖਤਰ ਨੇ ਇਹ ਖੁਸ਼ਖਬਰੀ ਆਪਣੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਨਵਜੰਮੀ ਧੀ ਲਈ ਅਸ਼ੀਰਵਾਦ ਅਤੇ ਦੁਆਵਾਂ ਦੀ ਬੇਨਤੀ ਕੀਤੀ। ਤੁਸੀ ਵੀ ਵੇਖੋ ਸਾਬਕਾ ਕ੍ਰਿਕਟਰ ਦੀ ਇਹ ਪੋਸਟ...


ਪੋਸਟ 'ਚ ਕੀ ਬੋਲੇ ਸ਼ੋਏਬ ਅਖਤਰ ?


ਕ੍ਰਿਕਟ ਇਤਿਹਾਸ 'ਚ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਰੱਖਣ ਵਾਲੇ ਸ਼ੋਏਬ ਅਖਤਰ ਨੇ ਇੱਕ ਇੰਸਟਾਗ੍ਰਾਮ ਪੋਸਟ 'ਚ ਲਿਖਿਆ, 'ਮੀਕੇਲ ਅਤੇ ਮੁਜੱਦਦ ਦੀ ਹੁਣ ਇੱਕ ਛੋਟੀ ਭੈਣ ਹੈ। ਅੱਲ੍ਹਾ ਨੇ ਸਾਨੂੰ ਇੱਕ ਲੜਕੀ ਦੀ ਬਖਸ਼ਿਸ਼ ਕੀਤੀ ਹੈ। ਅਸੀਂ ਜੁੰਮੇ ਦੀ ਨਮਾਜ਼ ਦੌਰਾਨ 19 ਸ਼ਬਾਨ, 1445 ਹਿਜਰੀ, ਜੋ ਕਿ 1 ਮਾਰਚ, 2024 ਨੂੰ ਜਨਮੀ ਨੂਰਾ ਅਲੀ ਅਖਤਰ ਦਾ ਸਵਾਗਤ ਕਰਦੇ ਹਾਂ। ਮੈਂ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਲਈ ਧੰਨਵਾਦੀ ਹਾਂ।






ਅਖਤਰ-ਰੁਬਾਨਾ ਦਾ 2014 ਵਿੱਚ ਹੋਇਆ ਸੀ ਵਿਆਹ 


ਸ਼ੋਏਬ ਅਖਤਰ ਅਤੇ ਰੁਬਾਬ ਖਾਨ ਨੇ 2014 ਵਿੱਚ ਖੈਬਰ ਪਖਤੂਨਖਵਾ ਸੂਬੇ ਦੇ ਹਰੀਪੁਰ ਵਿੱਚ ਇੱਕ ਨਿੱਜੀ ਨਿਕਾਹ ਸਮਾਰੋਹ ਵਿੱਚ ਵਿਆਹ ਕੀਤਾ ਸੀ। ਉਸ ਸਮੇਂ ਅਖਤਰ ਦੀ ਉਮਰ 38 ਸਾਲ ਸੀ ਜਦਕਿ ਰੁਬਾਬ 20 ਸਾਲ ਦੀ ਸੀ। ਵਿਆਹ ਦਾ ਪ੍ਰਬੰਧ ਅਖਤਰ ਦੇ ਮਾਤਾ-ਪਿਤਾ ਨੇ ਕੀਤਾ ਸੀ। ਉਨ੍ਹਾਂ ਦੇ ਪਹਿਲੇ ਬੱਚੇ, ਮਾਈਕਲ, ਦਾ ਜਨਮ ਨਵੰਬਰ 2016 ਵਿੱਚ ਹੋਇਆ ਸੀ। ਤਿੰਨ ਸਾਲ ਬਾਅਦ, ਜੁਲਾਈ 2019 ਵਿੱਚ, ਉਨ੍ਹਾਂ ਨੂੰ ਮੁਜੱਦਾਦ ਨਾਮ ਦੇ ਇੱਕ ਹੋਰ ਬੱਚੇ ਦੀ ਬਖਸ਼ਿਸ਼ ਹੋਈ।


ਆਖਰੀ ਮੈਚ 2011 ਵਿੱਚ ਖੇਡਿਆ ਗਿਆ 


ਕਾਬਿਲੇਗੌਰ ਹੈ ਕਿ ਸ਼ੋਏਬ ਅਖਤਰ ਨੇ 1997 'ਚ ਪਾਕਿਸਤਾਨ ਲਈ ਡੈਬਿਊ ਕੀਤਾ ਸੀ। ਆਪਣਾ ਆਖਰੀ ਮੈਚ 2011 ਵਿਸ਼ਵ ਕੱਪ ਦੌਰਾਨ ਖੇਡਿਆ ਸੀ। ਅਖਤਰ ਨੇ 46 ਟੈਸਟ, 163 ਵਨਡੇ ਅਤੇ 15 ਟੀ-20 ਮੈਚ ਖੇਡੇ। ਇਸ 'ਚ ਉਨ੍ਹਾਂ ਦੇ ਨਾਂ ਕ੍ਰਮਵਾਰ 178, 274 ਅਤੇ 19 ਵਿਕਟਾਂ ਹਨ। ਫਿਲਹਾਲ ਸਾਬਕਾ ਕ੍ਰਿਕਟਰ ਆਪਣੇ ਕਿਸੇ-ਨਾ-ਕਿਸੇ ਬਿਆਨ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ।