IPL 2024 Mumbai Indians Fined: ਮੁੰਬਈ ਇੰਡੀਅਨਜ਼ ਨੂੰ ਆਈਪੀਐਲ 2024 ਵਿੱਚ ਦੋਹਰੇ ਝਟਕੇ ਦਾ ਸ਼ਿਕਾਰ ਹੋਣਾ ਪਿਆ। ਟੂਰਨਾਮੈਂਟ ਦੇ 48ਵੇਂ ਮੈਚ 'ਚ ਮੁੰਬਈ ਨੂੰ ਲਖਨਊ ਸੁਪਰ ਜਾਇੰਟਸ ਦੇ ਹੱਥੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੁੰਬਈ ਦੇ ਕਪਤਾਨ ਹਾਰਦਿਕ ਪਾਂਡਿਆ ਸਮੇਤ ਟੀਮ ਦੇ ਸਾਰੇ ਖਿਡਾਰੀਆਂ 'ਤੇ ਭਾਰੀ ਜੁਰਮਾਨਾ ਲਗਾਇਆ ਹੈ। ਕਪਤਾਨ ਹਾਰਦਿਕ ਦੀ ਗਲਤੀ ਕਾਰਨ ਮੁੰਬਈ 'ਤੇ ਇਹ ਜੁਰਮਾਨਾ ਲਗਾਇਆ ਗਿਆ ਹੈ।


ਦਰਅਸਲ, ਮੁੰਬਈ ਇੰਡੀਅਨਜ਼ ਨੂੰ ਸਲੋਅ ਓਵਰ ਰੇਟ ਕਾਰਨ ਜੁਰਮਾਨਾ ਲਗਾਇਆ ਗਿਆ। ਪਾਂਡਿਆ ਦੀ ਕਪਤਾਨੀ ਵਾਲੀ ਟੀਮ ਸਮੇਂ 'ਤੇ 20 ਓਵਰ ਵੀ ਪੂਰੇ ਨਹੀਂ ਕਰ ਸਕੀ। ਇਸ ਸੈਸ਼ਨ 'ਚ ਅਜਿਹਾ ਦੂਜੀ ਵਾਰ ਹੋਇਆ, ਜਦੋਂ ਮੁੰਬਈ ਨਿਰਧਾਰਤ ਸਮੇਂ 'ਚ 20 ਓਵਰ ਵੀ ਪੂਰੇ ਨਹੀਂ ਕਰ ਸਕੀ। ਦੂਜੀ ਵਾਰ ਸਜ਼ਾ ਦੇ ਯੋਗ ਬਣੇ ਟੀਮ ਦੇ ਕਪਤਾਨ ਹਾਰਦਿਕ 'ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।


ਬੀਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ, "ਸਲੋਅ ਓਵਰ ਰੇਟ ਨਾਲ ਸਬੰਧਤ ਆਈਪੀਐਲ ਸੰਹਿਤਾ ਦੇ ਤਹਿਤ ਇਹ ਉਸਦੀ ਟੀਮ ਦਾ ਦੂਜਾ ਅਪਰਾਧ ਹੈ, ਜਿਸ ਕਾਰਨ ਹਾਰਦਿਕ ਪਾਂਡਿਆ ਨੂੰ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।"


ਟੀਮ ਦੇ ਖਿਡਾਰੀਆਂ ਨੂੰ ਵੀ ਸਜ਼ਾ ਭੁਗਤਣੀ ਪਈ


ਇਸ ਵਾਰ ਮਾਮਲਾ ਸਿਰਫ ਕਪਤਾਨ ਹਾਰਦਿਕ ਪਾਂਡਿਆ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਟੀਮ ਦੇ ਖਿਡਾਰੀਆਂ ਨੂੰ ਵੀ ਜੁਰਮਾਨਾ ਲੱਗਿਆ। ਸਲੋਅ ਓਵਰ ਰੇਟ ਦੇ ਅਪਰਾਧ ਕਾਰਨ ਪ੍ਰਭਾਵੀ ਖਿਡਾਰੀ ਸਮੇਤ ਟੀਮ ਦੇ ਪਲੇਇੰਗ ਇਲੈਵਨ ਵਿੱਚ ਮੌਜੂਦ ਸਾਰੇ ਖਿਡਾਰੀਆਂ ਨੂੰ 6-6 ਲੱਖ ਰੁਪਏ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਕੀਤਾ ਗਿਆ। 6 ਲੱਖ ਰੁਪਏ ਜਾਂ ਮੈਚ ਫੀਸ ਦਾ 25 ਫੀਸਦੀ, ਜੋ ਵੀ ਘੱਟ ਹੋਵੇਗਾ, ਜੁਰਮਾਨਾ ਲਗਾਇਆ ਜਾਵੇਗਾ।


ਲਖਨਊ ਦੇ ਸਾਹਮਣੇ ਫਲਾਪ ਹੋਈ ਮੁੰਬਈ ਇੰਡੀਅਨਜ਼


ਲਖਨਊ ਸੁਪਰ ਜਾਇੰਟਸ ਦੇ ਸਾਹਮਣੇ ਏਕਾਨਾ ਕ੍ਰਿਕਟ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਦੀ ਟੀਮ ਪੂਰੀ ਤਰ੍ਹਾਂ ਫਲਾਪ ਦਿਖਾਈ ਦਿੱਤੀ, ਟੀਮ ਦੀ ਨਾ ਤਾਂ ਬੱਲੇਬਾਜ਼ੀ ਅਤੇ ਨਾ ਹੀ ਗੇਂਦਬਾਜ਼ੀ ਕੰਮ ਕਰ ਸਕੀ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ 20 ਓਵਰਾਂ 'ਚ 144/7 ਦੌੜਾਂ ਹੀ ਬਣਾ ਸਕੀ। ਟੀਮ ਲਈ ਨੇਹਾਲ ਵਢੇਰਾ ਨੇ ਸਭ ਤੋਂ ਵੱਡੀ ਪਾਰੀ ਖੇਡੀ ਅਤੇ 41 ਗੇਂਦਾਂ ਵਿੱਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਾਰੇ ਬੱਲੇਬਾਜ਼ ਫਲਾਪ ਸਾਬਤ ਹੋਏ।


ਫਿਰ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ 19.2 ਓਵਰਾਂ 'ਚ 6 ਵਿਕਟਾਂ ਨਾਲ ਜਿੱਤ ਗਈ। ਲਖਨਊ ਨੂੰ ਜਿੱਤ ਦਿਵਾਉਣ ਵਿਚ ਮਾਰਕਸ ਸਟੋਇਨਿਸ ਨੇ ਅਹਿਮ ਭੂਮਿਕਾ ਨਿਭਾਈ। ਸਟੋਇਨਿਸ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ 45 ਗੇਂਦਾਂ 'ਤੇ 62 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 7 ਚੌਕੇ ਅਤੇ 2 ਛੱਕੇ ਸ਼ਾਮਲ ਸਨ।