Navjot Singh Sidhu On Rohit Sharma: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਸਿਡਨੀ 'ਚ ਪੰਜਵਾਂ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ (jasprit bumrah) ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਭਾਰਤੀ ਟੀਮ ਸਿਰਫ 185 ਦੌੜਾਂ ਤੱਕ ਹੀ ਸੀਮਤ ਹੋ ਗਈ ਜਿਸ ਦੇ ਜਵਾਬ 'ਚ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਦਾ ਸਕੋਰ 1 ਵਿਕਟ 'ਤੇ 10 ਦੌੜਾਂ ਹੈ।
ਦਰਅਸਲ, ਭਾਰਤੀ ਟੀਮ ਦੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਪਲੇਇੰਗ 11 ਦਾ ਹਿੱਸਾ ਨਹੀਂ ਹਨ। ਰੋਹਿਤ ਸ਼ਰਮਾ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਪਲੇਇੰਗ 11 ਦਾ ਹਿੱਸਾ ਬਣਾਇਆ ਗਿਆ ਹੈ। ਰੋਹਿਤ ਸ਼ਰਮਾ ਦੇ ਪਲੇਇੰਗ 11 'ਚ ਨਾ ਹੋਣ 'ਤੇ ਪ੍ਰਸ਼ੰਸਕ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇਸ ਦੇ ਨਾਲ ਹੀ ਹੁਣ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਰੋਹਿਤ ਸ਼ਰਮਾ ਅਤੇ ਪਲੇਇੰਗ 11 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਨੇ ਐਕਸ (ਟਵਿਟਰ) 'ਤੇ ਪੋਸਟ ਕੀਤਾ ਹੈ। ਇਸ ਵੀਡੀਓ 'ਚ ਸਾਬਕਾ ਕ੍ਰਿਕਟਰ ਕਹਿ ਰਹੇ ਹਨ ਕਿ ਕਿਸੇ ਕਪਤਾਨ ਨੂੰ ਕਦੇ ਵੀ ਪਲੇਇੰਗ 11 'ਚੋਂ ਬਾਹਰ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਉਸ ਨੂੰ ਖੁਦ ਬਾਹਰ ਬੈਠਣ ਦਾ ਫੈਸਲਾ ਕਰਨਾ ਚਾਹੀਦਾ ਹੈ।
ਜੇ ਤੁਸੀਂ ਇੱਕ ਕਪਤਾਨ ਦੇ ਰੂਪ ਵਿੱਚ ਅਜਿਹਾ ਕਰਦੇ ਹੋ, ਤਾਂ ਇਹ ਇੱਕ ਗ਼ਲਤ ਸੰਦੇਸ਼ ਜਾਂਦਾ ਹੈ। ਮੈਂ ਆਪਣੇ ਕਰੀਅਰ 'ਚ ਮੁਹੰਮਦ ਅਜ਼ਹਰੂਦੀਨ ਤੋਂ ਲੈ ਕੇ ਮਾਰਕ ਟੇਲਰ ਵਰਗੇ ਕਪਤਾਨਾਂ ਨੂੰ ਦੇਖਿਆ ਹੈ। ਇਨ੍ਹਾਂ ਖਿਡਾਰੀਆਂ ਨੇ ਕਪਤਾਨ ਅਤੇ ਬੱਲੇਬਾਜ਼ ਦੇ ਤੌਰ 'ਤੇ ਸੰਘਰਸ਼ ਕੀਤਾ, ਪਰ ਖ਼ਰਾਬ ਫਾਰਮ ਦੇ ਬਾਵਜੂਦ ਟੀਮ ਤੋਂ ਬਾਹਰ ਨਹੀਂ ਕੀਤਾ ਗਿਆ।
ਇਸ ਵੀਡੀਓ ਵਿੱਚ ਨਵਜੋਤ ਸਿੰਘ ਸਿੱਧੂ ਅੱਗੇ ਕਹਿ ਰਹੇ ਹਨ ਕਿ ਰੋਹਿਤ ਸ਼ਰਮਾ ਇਸ ਤੋਂ ਵੱਧ ਟੀਮ ਮੈਨੇਜਮੈਂਟ ਦੇ ਸਨਮਾਨ ਤੇ ਵਿਸ਼ਵਾਸ ਦੇ ਹੱਕਦਾਰ ਹਨ ਪਰ ਇਹ ਮੰਦਭਾਗੀ ਘਟਨਾ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰੀ ਹੈ... ਇਹ ਇੱਕ ਵੱਡੀ ਗ਼ਲਤੀ ਹੈ