India vs New Zealand Innings highlights: ਧਰਮਸ਼ਾਲਾ ਦੇ ਮੈਦਾਨ 'ਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਦੀ ਟੀਮ 50 ਓਵਰਾਂ 'ਚ 273 ਦੌੜਾਂ 'ਤੇ ਆਲ ਆਊਟ ਹੋ ਗਈ।


ਟੀਮ ਲਈ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਹੋਇਆਂ ਡੇਰਿਲ ਮਿਸ਼ੇਲ ਨੇ 127 ਗੇਂਦਾਂ 'ਚ 9 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 130 ਦੌੜਾਂ ਬਣਾਈਆਂ। ਇਸ ਦੇ ਨਾਲ ਰਚਿਨ ਰਵਿੰਦਰਾ ਨੇ 6 ਚੌਕੇ ਅਤੇ 1 ਛੱਕਾ ਲਗਾ ਕੇ 75 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ।


ਨਿਊਜ਼ੀਲੈਂਡ ਨੇ ਦੋ ਵਿਕਟਾਂ ਜਲਦੀ ਗੁਆ ਦਿੱਤੀਆਂ, ਤੀਜੀ ਵਿਕਟ ਲਈ ਹੋਈ ਵੱਡੀ ਸਾਂਝੇਦਾਰੀ


ਨਿਊਜ਼ੀਲੈਂਡ ਨੇ 8.1 ਓਵਰਾਂ ਵਿੱਚ ਦੋ ਵਿਕਟਾਂ ਗੁਆ ਦਿੱਤੀਆਂ ਸਨ। ਮੁਹੰਮਦ ਸਿਰਾਜ ਨੇ ਚੌਥੇ ਓਵਰ ਵਿੱਚ ਓਪਨਰ ਡੇਵੋਨ ਕੋਨਵੇ ਦੇ ਰੂਪ ਵਿੱਚ ਕੀਵੀ ਟੀਮ ਨੂੰ ਪਹਿਲਾ ਝਟਕਾ ਦਿੱਤਾ, ਜੋ 9 ਗੇਂਦਾਂ ਖੇਡੇ ਬਿਨਾਂ ਪੈਵੇਲੀਅਨ ਪਰਤ ਗਏ। ਫਿਰ 9ਵੇਂ ਓਵਰ ਦੀ ਪਹਿਲੀ ਗੇਂਦ 'ਚ ਟੂਰਨਾਮੈਂਟ ਦਾ ਪਹਿਲਾ ਮੈਚ ਖੇਡ ਰਹੇ ਮੁਹੰਮਦ ਸ਼ਮੀ ਨੇ ਵਿਲ ਯੰਗ ਨੂੰ ਬੋਲਡ ਕਰ ਦਿੱਤਾ। ਯੰਗ ਨੇ 3 ਚੌਕਿਆਂ ਦੀ ਮਦਦ ਨਾਲ 17 (27 ਗੇਂਦਾਂ) ਦੌੜਾਂ ਬਣਾਈਆਂ।


ਇਸ ਤੋਂ ਬਾਅਦ ਡੇਰਿਲ ਮਿਸ਼ੇਲ ਅਤੇ ਰਚਿਨ ਰਵਿੰਦਰਾ ਨੇ ਤੀਜੇ ਵਿਕਟ ਲਈ 159 (152 ਗੇਂਦਾਂ) ਦੀ ਸਾਂਝੇਦਾਰੀ ਕੀਤੀ। ਮੁਹੰਮਦ ਸ਼ਮੀ ਨੇ 34ਵੇਂ ਓਵਰ ਵਿੱਚ ਰਚਿਨ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਰਚਿਨ ਨੇ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 75 ਦੌੜਾਂ (87 ਗੇਂਦਾਂ) ਬਣਾਈਆਂ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਰਚਿਨ ਸਿਰਫ 12 ਦੌੜਾਂ ਦੇ ਸਕੋਰ 'ਤੇ ਸਨ ਤਾਂ ਰਵਿੰਦਰ ਜਡੇਜਾ ਨੇ ਮੁਹੰਮਦ ਸ਼ਮੀ ਦੀ ਗੇਂਦ 'ਤੇ ਉਨ੍ਹਾਂ ਦਾ ਕੈਚ ਛੱਡ ਕੇ ਉਨ੍ਹਾਂ ਨੂੰ ਰਾਹਤ ਦਿੱਤੀ। ਮਿਸ਼ੇਲ ਅਤੇ ਰਚਿਨ ਦੀ ਸਾਂਝੇਦਾਰੀ ਨੂੰ ਦੇਖ ਕੇ ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਨਿਊਜ਼ੀਲੈਂਡ ਆਸਾਨੀ ਨਾਲ 300 ਦਾ ਅੰਕੜਾ ਪਾਰ ਕਰ ਲਵੇਗਾ ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ।


ਇਹ ਵੀ ਪੜ੍ਹੋ: IND vs NZ: ਨਿਊਜ਼ੀਲੈਂਡ ਖਿਲਾਫ ਮੈਚ ਲਈ ਭਾਰਤ ਕੋਲ ਤਿੰਨ ਦਮਦਾਰ ਖਿਡਾਰੀ, ਖੇਡ ਦੇ ਮੈਦਾਨ 'ਚ ਦੇਣਗੇ ਜ਼ਬਰਦਸਤ ਟੱਕਰ


ਫਿਰ ਭਾਰਤੀ ਗੇਂਦਬਾਜ਼ਾਂ ਨੇ ਕੀਵੀ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ ਅਤੇ ਜਲਦੀ ਹੀ ਉਨ੍ਹਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। 37ਵੇਂ ਓਵਰ 'ਚ 05 ਦੌੜਾਂ 'ਤੇ ਕਪਤਾਨ ਟੌਮ ਲੈਥਮ, 45ਵੇਂ ਓਵਰ 'ਚ 23 ਦੌੜਾਂ 'ਤੇ ਗਲੇਨ ਫਿਲਿਪਸ, 47ਵੇਂ ਓਵਰ 'ਚ 06 ਦੌੜਾਂ 'ਤੇ ਮਾਰਕ ਚੈਂਪਮੈਨ, 48ਵੇਂ ਓਵਰ 'ਚ ਮਿਸ਼ੇਲ ਸੇਂਟਨਰ 01 ਦੌੜਾਂ 'ਤੇ, ਮੈਟ ਹੇਰਨੀ 00 ਦੌੜਾਂ 'ਤੇ, ਡੇਰਿਲ ਮਿਸ਼ੇਲ 130 ਦੌੜਾਂ ਅਤੇ ਲੋਕੀ ਫਰਗਿਊਸਨ 1 ਦੌੜ ਬਣਾਕੇ ਆਊਟ ਹੋ ਗਏ।


ਇਸ ਤਰ੍ਹਾਂ ਦੀ ਸੀ ਭਾਰਤੀ ਗੇਂਦਬਾਜ਼ੀ


ਭਾਰਤ ਲਈ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਇਸ ਦੌਰਾਨ ਉਨ੍ਹਾਂ ਨੇ 10 ਓਵਰਾਂ 'ਚ 54 ਦੌੜਾਂ ਦਿੱਤੀਆਂ। ਇਸ ਤੋਂ ਇਲਾਵਾ ਕੁਲਦੀਪ ਯਾਦਵ ਨੂੰ ਦੋ ਸਫਲਤਾਵਾਂ ਮਿਲੀਆਂ। ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 1-1 ਵਿਕਟ ਲਈ।


ਇਹ ਵੀ ਪੜ੍ਹੋ: IND vs NZ: ਭਾਰਤ-ਨਿਊਜ਼ੀਲੈਂਡ ਵਿਚਾਲੇ ਧਰਮਸ਼ਾਲਾ 'ਚ ਹੋਵੇਗੀ ਜ਼ਬਰਦਸਤ ਟੱਕਰ, ਜਾਣੋ ਕਿਹੜੀ ਟੀਮ ਪਵੇਗੀ ਭਾਰੀ