Anil Kumble: ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਅਨਿਲ ਕੁੰਬਲੇ ਦੀ ਸ਼ਾਨਦਾਰ ਲੈੱਗ ਸਪਿਨ ਗੇਂਦ ਕ੍ਰਿਕਟ ਦੇ ਮੈਦਾਨ 'ਤੇ ਖੂਬ ਨਜ਼ਰ ਆਈ ਸੀ। 7 ਫਰਵਰੀ 1999 ਨੂੰ, ਇਕੱਲੇ ਹੀ ਕੁੰਬਲੇ ਨੇ ਪਾਕਿਸਤਾਨ ਨੂੰ ਹਰਾਇਆ ਸੀ। 1999 ਵਿੱਚ ਪਾਕਿਸਤਾਨ ਵਿਰੁੱਧ ਦਿੱਲੀ ਟੈਸਟ ਮੈਚ ਵਿੱਚ, ਅਨਿਲ ਕੁੰਬਲੇ ਨੇ ਇੱਕ ਪਾਰੀ ਵਿੱਚ ਸਾਰੀਆਂ 10 ਵਿਕਟਾਂ ਹਾਸਲ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਸੀ। ਉਸ ਸਮੇਂ ਉਹ ਅਜਿਹਾ ਕਰਨ ਵਾਲੇ ਦੁਨੀਆ ਦੇ ਦੂਜੇ ਗੇਂਦਬਾਜ਼ ਬਣ ਗਏ ਸੀ।


ਸਾਲ 1999 'ਚ ਪਾਕਿਸਤਾਨ ਖਿਲਾਫ ਖੇਡੀ ਗਈ 2 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤੀ ਟੀਮ ਨੂੰ ਚੇਨਈ ਵਿੱਚ 12 ਦੌੜਾਂ ਦੀ ਕਰੀਬੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਸੀਰੀਜ਼ ਬਰਾਬਰ ਕਰਨ ਲਈ ਭਾਰਤ ਨੂੰ ਦੂਜਾ ਮੈਚ ਕਿਸੇ ਵੀ ਹਾਲਤ 'ਚ ਜਿੱਤਣਾ ਸੀ। ਉਸ ਸਮੇਂ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਦਿੱਲੀ ਟੈਸਟ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।


 


ਟੀਮ ਇੰਡੀਆ ਇਸ ਮੈਚ 'ਚ ਆਪਣੀ ਪਹਿਲੀ ਪਾਰੀ 'ਚ 252 ਦੌੜਾਂ 'ਤੇ ਸਿਮਟ ਗਈ, ਜਿਸ 'ਚ ਪਾਕਿਸਤਾਨ ਵਲੋਂ ਸਕਲੇਨ ਮੁਸ਼ਤਾਕ ਨੇ 5 ਵਿਕਟਾਂ ਲਈਆਂ। ਇਸ ਤੋਂ ਬਾਅਦ ਪਾਕਿ ਟੀਮ ਵੀ ਆਪਣੀ ਪਹਿਲੀ ਪਾਰੀ 'ਚ ਸਿਰਫ 172 ਦੌੜਾਂ 'ਤੇ ਹੀ ਸਿਮਟ ਗਈ ਅਤੇ ਭਾਰਤੀ ਟੀਮ ਨੂੰ ਵੀ ਚੰਗੀ ਬੜ੍ਹਤ ਮਿਲ ਗਈ। ਟੀਮ ਇੰਡੀਆ ਨੇ ਆਪਣੀ ਦੂਜੀ ਪਾਰੀ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 339 ਦੌੜਾਂ ਬਣਾਈਆਂ ਅਤੇ ਮੈਚ ਦੀ ਚੌਥੀ ਪਾਰੀ 'ਚ ਪਾਕਿਸਤਾਨ ਨੂੰ 420 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ।



ਕੁੰਬਲੇ ਦੀ ਸਪਿਨ ਦੇ ਜਾਦੂ ਨਾਲ ਪਾਕਿਸਤਾਨ ਦੀ ਟੀਮ ਢਹਿ-ਢੇਰੀ ਹੋ ਗਈ


ਮੈਚ ਦੀ ਚੌਥੀ ਪਾਰੀ 'ਚ ਪਾਕਿਸਤਾਨੀ ਸਲਾਮੀ ਬੱਲੇਬਾਜ਼ਾਂ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਅਤੇ 101 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਸ ਤੋਂ ਬਾਅਦ ਕੁੰਬਲੇ ਨੇ ਆਪਣੀ ਸਪਿਨ ਦਾ ਜਾਦੂ ਦਿਖਾਉਂਦੇ ਹੋਏ ਸ਼ਾਹਿਦ ਅਫਰੀਦੀ ਅਤੇ ਫਿਰ ਸਈਦ ਅਨਵਰ ਦੀਆਂ ਵਿਕਟਾਂ ਹਾਸਲ ਕੀਤੀਆਂ। ਟੀਮ ਇੰਡੀਆ ਦੀ ਮੈਚ ਵਿੱਚ ਵਾਪਸੀ ਕਰਵਾ ਦਿੱਤੀ। ਪਾਕਿਸਤਾਨੀ ਬੱਲੇਬਾਜ਼ ਇੱਕ-ਇੱਕ ਕਰਕੇ ਪੈਵੇਲੀਅਨ ਪਰਤਦੇ ਨਜ਼ਰ ਆਏ ਅਤੇ ਪੂਰੀ ਟੀਮ 207 ਦੇ ਸਕੋਰ 'ਤੇ ਸਿਮਟ ਗਈ। ਭਾਰਤੀ ਟੀਮ ਨੇ ਜਿੱਥੇ ਇਹ ਮੈਚ 212 ਦੌੜਾਂ ਨਾਲ ਜਿੱਤਿਆ, ਉੱਥੇ ਹੀ ਅਨਿਲ ਕੁੰਬਲੇ ਨੇ ਇਸ ਪਾਰੀ ਵਿੱਚ 26.3 ਓਵਰਾਂ ਵਿੱਚ 74 ਦੌੜਾਂ ਦੇ ਕੇ 10 ਵਿਕਟਾਂ ਲੈ ਕੇ ਆਪਣੇ ਟੈਸਟ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ।