ਰਿਸ਼ਭ ਪੰਤ ਦੇ ਪੈਰ ਦੀ ਉਂਗਲ ਵਿੱਚ ਫ੍ਰੈਕਚਰ ਹੋਣ ਦੀ ਗੱਲ ਸਾਹਮਣੇ ਆਈ ਹੈ। ਕ੍ਰਿਕਬਜ਼ ਦੀ ਰਿਪੋਰਟ ਦੇ ਅਨੁਸਾਰ, ਉਨ੍ਹਾਂ ਨੂੰ ਠੀਕ ਹੋਣ ਵਿੱਚ 2 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਇਸ ਦਾ ਮਤਲਬ ਹੈ ਕਿ ਪੰਤ ਇੰਗਲੈਂਡ ਵਿਰੁੱਧ ਚੱਲ ਰਹੀ ਟੈਸਟ ਸੀਰੀਜ਼ ਵਿੱਚ ਨਹੀਂ ਖੇਡ ਸਕਣਗੇ। ਮੈਨਚੈਸਟਰ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਦੇ ਪਹਿਲੇ ਦਿਨ ਉਨ੍ਹਾਂ ਦੇ ਸੱਜੇ ਪੈਰ ਦੇ ਅੰਗੂਠੇ ਵਿੱਚ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਵਿੱਚ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਉਨ੍ਹਾਂ ਦੀ ਸਕੈਨ ਕੀਤੀ ਗਈ।

ਚੌਥੇ ਟੈਸਟ ਦੇ ਪਹਿਲੇ ਦਿਨ ਰਿਸ਼ਭ ਪੰਤ ਨੂੰ ਸੱਟ ਲੱਗੀ ਸੀ। ਕ੍ਰਿਸ ਵੋਕਸ ਵਲੋਂ ਸੁੱਟੇ ਗਏ 68ਵੇਂ ਓਵਰ ਵਿੱਚ, ਰਿਵਰਸ ਸਵੀਪ ਖੇਡਣ ਦੀ ਕੋਸ਼ਿਸ਼ ਕਰ ਰਹੇ ਪੰਤ ਦੇ ਸੱਜੇ ਪੈਰ ਦੇ ਜੁੱਤੇ ਵਿੱਚ ਸਿੱਧੇ ਆ ਕੇ ਲੱਗੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਕਾਫੀ ਦਰਦ ਵੀ ਹੋਇਆ ਅਤੇ ਪੈਰ ਤੋਂ ਖੂਨ ਵੀ ਵਹਿ ਰਿਹਾ ਸੀ ਅਤੇ ਸੋਜ ਵੀ ਆ ਗਈ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਐਂਬੂਲੈਂਸ ਵਿੱਚ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਕਿਉਂਕਿ ਪੰਤ ਤੁਰ ਵੀ ਨਹੀਂ ਪਾ ਰਹੇ ਸਨ।

ਪੰਤ ਦੀ ਸਕੈਨ ਦੀ ਰਿਪੋਰਟ ਵਿੱਚ ਕੀ ਆਇਆ?

ਬੀਸੀਸੀਆਈ ਦੇ ਇੱਕ ਸੂਤਰ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ, "ਸਕੈਨ ਰਿਪੋਰਟ ਨੇ ਫ੍ਰੈਕਚਰ ਦੀ ਪੁਸ਼ਟੀ ਕੀਤੀ ਹੈ। ਉਹ ਛੇ ਹਫ਼ਤਿਆਂ ਲਈ ਖੇਡ ਨਹੀਂ ਸਕਣਗੇ। ਮੈਡੀਕਲ ਟੀਮ ਇਹ ਦੇਖਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਹ ਪੇਨਕਿਲਰ ਲੈਣ ਤੋਂ ਬਾਅਦ ਵਾਪਸ ਬੱਲੇਬਾਜ਼ੀ ਲਈ ਆ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੂੰ ਅਜੇ ਵੀ ਤੁਰਨ ਲਈ ਸਪੋਰਟ ਦੀ ਲੋੜ ਹੈ ਅਤੇ ਉਨ੍ਹਾਂ ਦੇ ਬੱਲੇਬਾਜ਼ੀ ਕਰਨ ਦੀ ਸੰਭਾਵਨਾ ਬਹੁਤ ਘੱਟ ਜਾਪਦੀ ਹੈ।"

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਵੇਂ ਟੈਸਟ ਲਈ ਰਿਸ਼ਭ ਪੰਤ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪੰਜਵਾਂ ਟੈਸਟ 31 ਜੁਲਾਈ ਤੋਂ 4 ਅਗਸਤ ਤੱਕ 'ਦ ਓਵਲ' ਵਿਖੇ ਖੇਡਿਆ ਜਾਵੇਗਾ।