Sameer Rizvi Double Century: ਇੱਕ ਪਾਸੇ ਜਿੱਥੇ ਭਾਰਤ ਵਿੱਚ ਵਿਜੇ ਹਜ਼ਾਰੇ ਟਰਾਫੀ ਨੂੰ ਲੈ ਕੇ ਉਤਸ਼ਾਹ ਸਿਖਰਾਂ 'ਤੇ ਹੈ, ਉਥੇ ਹੀ ਦੂਜੇ ਪਾਸੇ ਸਮੀਰ ਰਿਜ਼ਵੀ ਨੇ ਅੰਡਰ-23 ਸਟੇਟ ਏ ਟਰਾਫੀ ਵਿੱਚ ਦੋਹਰਾ ਸੈਂਕੜਾ ਲਗਾ ਕੇ ਵੱਡਾ ਧਮਾਕਾ ਕੀਤਾ ਹੈ। 


ਸ਼ਨੀਵਾਰ 21 ਦਸੰਬਰ ਨੂੰ ਉੱਤਰ ਪ੍ਰਦੇਸ਼ ਤੇ ਤ੍ਰਿਪੁਰਾ ਵਿਚਾਲੇ ਮੈਚ ਖੇਡਿਆ ਗਿਆ, ਜਿਸ 'ਚ ਯੂਪੀ ਨੇ ਪਹਿਲਾਂ ਖੇਡਦੇ ਹੋਏ ਨਿਰਧਾਰਤ 50 ਓਵਰਾਂ 'ਚ 405 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ਵਿੱਚ ਤ੍ਰਿਪੁਰਾ ਦੀ ਟੀਮ ਸਿਰਫ਼ 253 ਦੌੜਾਂ ਹੀ ਬਣਾ ਸਕੀ ਤੇ 152 ਦੌੜਾਂ ਦੇ ਫਰਕ ਨਾਲ ਮੈਚ ਹਾਰ ਗਈ। ਤ੍ਰਿਪੁਰਾ ਲਈ ਕੇਵਲ ਆਨੰਦ ਭੌਮਿਕ ਹੀ ਅਰਧ ਸੈਂਕੜੇ ਵਾਲਾ ਬੱਲੇਬਾਜ਼ ਸੀ, ਜਿਸ ਨੇ 68 ਦੌੜਾਂ ਬਣਾਈਆਂ।



ਸਮੀਰ ਰਿਜ਼ਵੀ ਦਾ ਵਿਸ਼ਵ ਰਿਕਾਰਡ 


ਟੂਰਨਾਮੈਂਟ ਵਿੱਚ ਯੂਪੀ ਦੇ ਕਪਤਾਨ ਸਮੀਰ ਰਿਜ਼ਵੀ ਨੇ ਸਿਰਫ਼ 97 ਗੇਂਦਾਂ ਵਿੱਚ 201 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਦੌਰਾਨ ਉਸ ਨੇ 13 ਚੌਕੇ ਤੇ 20 ਛੱਕੇ ਲਾਏ। ਸਮੀਰ ਹੁਣ ਘਰੇਲੂ ਕ੍ਰਿਕਟ 'ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। 


ਲਿਸਟ-ਏ ਕ੍ਰਿਕਟ ਦੀ ਗੱਲ ਕਰੀਏ ਤਾਂ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਦਾ ਰਿਕਾਰਡ ਇਸ ਸਮੇਂ ਨਿਊਜ਼ੀਲੈਂਡ ਦੇ ਚੈਡ ਬੋਵਜ਼ ਦੇ ਨਾਂ ਹੈ, ਜਿਸ ਨੇ 103 ਗੇਂਦਾਂ 'ਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ ਸੀ। ਲਿਸਟ-ਏ ਕ੍ਰਿਕਟ 'ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ਾਂ 'ਚ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਦਾ ਨਾਂ ਵੀ ਸ਼ਾਮਲ ਹੈ, ਜਿਸ ਨੇ 114 ਗੇਂਦਾਂ 'ਚ 200 ਦੌੜਾਂ ਦਾ ਅੰਕੜਾ ਛੂਹ ਲਿਆ।



ਸਮੀਰ ਰਿਜ਼ਵੀ ਨੂੰ ਆਈਪੀਐਲ 2024 ਦੀ ਨਿਲਾਮੀ ਵਿੱਚ ਚੇਨਈ ਸੁਪਰ ਕਿੰਗਜ਼ ਨੇ 8.4 ਕਰੋੜ ਰੁਪਏ ਵਿੱਚ ਖ਼ਰੀਦਿਆ ਸੀ ਪਰ CSK ਨੇ ਉਸ ਨੂੰ ਮੈਗਾ ਨਿਲਾਮੀ ਤੋਂ ਪਹਿਲਾਂ ਹੀ ਛੱਡ ਦਿੱਤਾ ਸੀ। ਇਸ ਵਾਰ ਮੇਗਾ ਨਿਲਾਮੀ ਵਿੱਚ ਦਿੱਲੀ ਕੈਪੀਟਲਸ ਨੇ ਉਸਨੂੰ 95 ਲੱਖ ਰੁਪਏ ਵਿੱਚ ਖਰੀਦਿਆ। 


ਇੰਡੀਅਨ ਪ੍ਰੀਮੀਅਰ ਲੀਗ ਤੋਂ ਉਨ੍ਹਾਂ ਦੀ ਤਨਖਾਹ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਰਿਜ਼ਵੀ ਇਸ ਸਮੇਂ ਬਹੁਤ ਜ਼ੋਰਦਾਰ ਲੈਅ ਵਿੱਚ ਚੱਲ ਰਿਹਾ ਹੈ। ਹਾਲ ਹੀ 'ਚ ਖੇਡੇ ਗਏ ਵਨਡੇ ਮੈਚ 'ਚ ਉਨ੍ਹਾਂ ਨੇ 153 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਉਹ ਇਕ ਹੋਰ ਮੈਚ 'ਚ 137 ਦੌੜਾਂ ਬਣਾ ਕੇ ਅਜੇਤੂ ਪਰਤੇ। ਜੇ ਉਸ ਦੀ ਫਾਰਮ ਜਾਰੀ ਰਹਿੰਦੀ ਹੈ ਤਾਂ ਉਹ IPL 2025 'ਚ ਦਿੱਲੀ ਕੈਪੀਟਲਸ ਲਈ ਟਰੰਪ ਕਾਰਡ ਸਾਬਤ ਹੋ ਸਕਦਾ ਹੈ।