Shreyas Iyer, Shashank Singh, IPL 2025: ਆਈਪੀਐਲ 2025 ਵਿੱਚ ਮੰਗਲਵਾਰ ਨੂੰ ਗੁਜਰਾਤ ਟਾਈਟਨਸ ਤੇ ਪੰਜਾਬ ਕਿੰਗਜ਼ ਵਿਚਕਾਰ ਮੈਚ ਸੀ। ਸ਼੍ਰੇਅਸ ਅਈਅਰ ਦੀ ਪੰਜਾਬ ਨੇ ਇਹ ਮੈਚ 11 ਦੌੜਾਂ ਨਾਲ ਜਿੱਤ ਲਿਆ। ਹਾਲਾਂਕਿ, ਇਸ ਮੈਚ ਤੋਂ ਵੱਧ ਪੰਜਾਬ ਕਿੰਗਜ਼ ਦੀ ਪਾਰੀ ਦੇ ਆਖਰੀ ਓਵਰ ਦੀ ਚਰਚਾ ਹੋ ਰਹੀ ਹੈ, ਕਿਉਂਕਿ 19 ਓਵਰਾਂ ਦੇ ਅੰਤ ਤੋਂ ਬਾਅਦ, ਸ਼੍ਰੇਅਸ ਅਈਅਰ 97 ਦੌੜਾਂ 'ਤੇ ਸਨ, ਪਰ ਉਨ੍ਹਾਂ ਨੂੰ ਆਖਰੀ ਓਵਰ ਵਿੱਚ ਸਟ੍ਰਾਈਕ ਨਹੀਂ ਮਿਲੀ। 16 ਗੇਂਦਾਂ ਵਿੱਚ 44 ਦੌੜਾਂ ਬਣਾਉਣ ਵਾਲੇ ਸ਼ਸ਼ਾਂਕ ਸਿੰਘ ਨੇ ਸਾਰੀਆਂ ਗੇਂਦਾਂ ਖੇਡੀਆਂ। ਮੈਚ ਤੋਂ ਬਾਅਦ ਉਸਨੇ ਇਸ ਬਾਰੇ ਇੱਕ ਵੱਡਾ ਖੁਲਾਸਾ ਕੀਤਾ।
ਜਦੋਂ ਪੰਜਾਬ ਦੀ ਪਾਰੀ ਦਾ 20ਵਾਂ ਓਵਰ ਸ਼ੁਰੂ ਹੋਇਆ, ਤਾਂ ਸ਼੍ਰੇਅਸ ਅਈਅਰ 97 ਦੌੜਾਂ ਬਣਾ ਕੇ ਨਾਨ-ਸਟ੍ਰਾਈਕਰ ਐਂਡ 'ਤੇ ਖੜ੍ਹਾ ਸੀ। ਸ਼ਸ਼ਾਂਕ ਨੇ ਮੁਹੰਮਦ ਸਿਰਾਜ ਦੇ ਇਸ ਓਵਰ ਵਿੱਚ ਪੰਜ ਚੌਕੇ ਲਗਾਏ, ਜਿਸ ਕਾਰਨ ਅਈਅਰ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ। ਅਜੇਤੂ 44 ਦੌੜਾਂ ਬਣਾਉਣ ਵਾਲੇ ਸ਼ਸ਼ਾਂਕ ਨੇ ਕਿਹਾ ਕਿ ਅਈਅਰ ਨੇ ਉਸਨੂੰ ਸਟ੍ਰਾਈਕ ਰੋਟੇਟ ਕਰਨ ਲਈ ਨਹੀਂ ਕਿਹਾ।
ਪੰਜਾਬ ਕਿੰਗਜ਼ ਦੀ 11 ਦੌੜਾਂ ਦੀ ਜਿੱਤ ਤੋਂ ਬਾਅਦ, ਸ਼ਸ਼ਾਂਕ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, "ਸੱਚ ਕਹਾਂ ਤਾਂ ਮੈਂ ਸਕੋਰਬੋਰਡ ਵੱਲ ਨਹੀਂ ਦੇਖਿਆ ਪਰ ਪਹਿਲੀ ਗੇਂਦ 'ਤੇ ਚੌਕਾ ਲਗਾਉਣ ਤੋਂ ਬਾਅਦ, ਮੈਂ ਸਕੋਰਬੋਰਡ ਵੱਲ ਦੇਖਿਆ ਅਤੇ ਸ਼੍ਰੇਅਸ 97 ਦੌੜਾਂ 'ਤੇ ਸੀ। ਮੈਂ ਕੁਝ ਨਹੀਂ ਕਿਹਾ। ਉਹ ਮੇਰੇ ਕੋਲ ਆਇਆ ਤੇ ਮੈਨੂੰ ਕਿਹਾ ਕਿ ਸ਼ਸ਼ਾਂਕ ਮੇਰੇ ਸੈਂਕੜੇ ਦੀ ਚਿੰਤਾ ਨਾ ਕਰ। ਬੇਸ਼ੱਕ ਮੈਂ ਉਸਨੂੰ ਪੁੱਛਣ ਜਾ ਰਿਹਾ ਸੀ ਕਿ ਕੀ ਮੈਨੂੰ ਇੱਕ ਦੌੜ ਲੈਣੀ ਚਾਹੀਦੀ ਹੈ ਤੇ ਉਸਨੂੰ ਸਟ੍ਰਾਈਕ ਦੇਣੀ ਚਾਹੀਦੀ ਹੈ।"
ਸ਼ਸ਼ਾਂਕ ਨੇ ਕਿਹਾ ਕਿ ਇਹ ਕਹਿਣ ਲਈ ਵੱਡੇ ਦਿਲ ਅਤੇ ਹਿੰਮਤ ਦੀ ਲੋੜ ਹੁੰਦੀ ਹੈ, ਕਿਉਂਕਿ ਟੀ-20 ਵਿੱਚ, ਖਾਸ ਕਰਕੇ ਆਈਪੀਐਲ ਵਿੱਚ, ਸੈਂਕੜੇ ਆਸਾਨੀ ਨਾਲ ਨਹੀਂ ਬਣਦੇ। ਸ਼ਸ਼ਾਂਕ ਨੇ ਕਿਹਾ ਕਿ ਅਈਅਰ ਦਾ ਸੁਨੇਹਾ ਸਪੱਸ਼ਟ ਸੀ - ਗੇਂਦਬਾਜ਼ 'ਤੇ ਹਮਲਾ ਕਰਦੇ ਰਹੋ।
ਉਸਨੇ ਕਿਹਾ, ਸ਼੍ਰੇਅਸ ਨੇ ਮੈਨੂੰ ਕਿਹਾ ਸੀ ਕਿ ਸ਼ਸ਼ਾਂਕ ਜਾ ਕੇ ਹਰ ਗੇਂਦ 'ਤੇ ਚੌਕਾ ਜਾਂ ਛੱਕਾ ਮਾਰਨ ਦੀ ਕੋਸ਼ਿਸ਼ ਕਰ। ਇਸ ਨਾਲ ਮੈਨੂੰ ਹੋਰ ਵੀ ਆਤਮਵਿਸ਼ਵਾਸ ਮਿਲਿਆ। ਅਸੀਂ ਸਾਰੇ ਜਾਣਦੇ ਹਾਂ ਕਿ ਦਿਨ ਦੇ ਅੰਤ ਵਿੱਚ ਇਹ ਇੱਕ ਟੀਮ ਗੇਮ ਹੈ, ਪਰ ਉਨ੍ਹਾਂ ਸਥਿਤੀਆਂ ਵਿੱਚ ਇੰਨਾ ਨਿਰਸਵਾਰਥ ਹੋਣਾ ਅਜੇ ਵੀ ਮੁਸ਼ਕਲ ਹੈ। ਪਰ ਸ਼੍ਰੇਅਸ ਉਨ੍ਹਾਂ ਵਿੱਚੋਂ ਇੱਕ ਹੈ। ਮੈਂ ਉਸਨੂੰ ਪਿਛਲੇ 10-15 ਸਾਲਾਂ ਤੋਂ ਜਾਣਦਾ ਹਾਂ। ਉਹ ਬਿਲਕੁਲ ਵੀ ਨਹੀਂ ਬਦਲਿਆ ਹੈ।