India vs Pakistan Match Narendra Modi Stadium: 2023 ਵਨਡੇ ਵਿਸ਼ਵ ਕੱਪ ਵਿੱਚ ਕੱਲ੍ਹ (ਸ਼ਨੀਵਾਰ) ਨੂੰ ਸਭ ਤੋਂ ਵੱਡਾ ਮੈਚ ਖੇਡਿਆ ਜਾਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 14 ਅਕਤੂਬਰ ਦਿਨ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਵੇਗਾ। ਇਸ ਹਾਈ ਵੋਲਟੇਜ ਮੈਚ ਨੂੰ ਲੈ ਕੇ ਗੁਜਰਾਤ ਪ੍ਰਸ਼ਾਸਨ ਨੇ ਸਖ਼ਤ ਰਵੱਈਆ ਅਪਣਾਇਆ ਹੋਇਆ ਹੈ। ਦਰਅਸਲ, ਭਾਰਤ-ਪਾਕਿ ਮੈਚ ਤੋਂ ਪਹਿਲਾਂ ਨਰਿੰਦਰ ਮੋਦੀ ਸਟੇਡੀਅਮ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।


ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਨੀਵਾਰ ਨੂੰ ਅਹਿਮਦਾਬਾਦ 'ਚ ਹੋਣ ਵਾਲੇ ਵਿਸ਼ਵ ਕੱਪ ਮੈਚ ਦੌਰਾਨ ਗੁਜਰਾਤ ਦੀਆਂ ਵੱਖ-ਵੱਖ ਇਕਾਈਆਂ ਦੇ ਪੁਲਿਸ ਮੁਖੀਆਂ ਨੂੰ 'ਅਲਰਟ ਮੋਡ' 'ਤੇ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸਮਾਜ ਵਿਰੋਧੀ ਅਨਸਰਾਂ ਅਤੇ ਸੰਵੇਦਨਸ਼ੀਲ ਇਲਾਕਿਆਂ 'ਤੇ ਤਿੱਖੀ ਨਜ਼ਰ ਰੱਖਣ ਲਈ ਵੀ ਕਿਹਾ ਗਿਆ ਹੈ।


ਰਾਜ ਦੇ ਡੀਜੀਪੀ ਵਿਕਾਸ ਸਹਾਏ ਨੇ ਕਿਹਾ ਕਿ ਗੁਜਰਾਤ ਪੁਲਿਸ ਬਲ ਦੇ 6000 ਪੁਲਿਸ ਕਰਮਚਾਰੀ ਨੈਸ਼ਨਲ ਸਕਿਓਰਿਟੀ ਗਾਰਡ (ਐਨਐਸਜੀ), ਰੈਪਿਡ ਐਕਸ਼ਨ ਫੋਰਸ (ਆਰਏਐਫ), ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੇ ਨਾਲ ਅਹਿਮਦਾਬਾਦ ਅਤੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਤੈਨਾਤ ਹੋਣਗੇ।


ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਦੇ ਪੰਜ ਪਹਿਲੂ ਹੋਣਗੇ। ਸਟੇਡੀਅਮ ਅਤੇ ਦਰਸ਼ਕਾਂ ਦੀ ਸੁਰੱਖਿਆ, ਟ੍ਰੈਫਿਕ ਅਤੇ ਪਾਰਕਿੰਗ ਦੇ ਪ੍ਰਬੰਧ, ਕ੍ਰਿਕਟ ਟੀਮਾਂ ਦੀ ਸੁਰੱਖਿਆ, ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖਣ ਅਤੇ ਪੂਰੇ ਸੂਬੇ 'ਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਨੂੰ ਯਕੀਨੀ ਬਣਾਇਆ ਜਾਵੇ। ਵਿਕਾਸ ਸਹਾਏ ਨੇ ਅੱਗੇ ਕਿਹਾ, ਗੁਜਰਾਤ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਕ੍ਰਿਕਟ ਮੈਚ ਬਿਨਾਂ ਕਿਸੇ ਰੁਕਾਵਟ ਦੇ ਹੋਵੇ। ਅਸੀਂ ਅਹਿਮਦਾਬਾਦ ਕ੍ਰਾਈਮ ਬ੍ਰਾਂਚ, ਅੱਤਵਾਦ ਵਿਰੋਧੀ ਦਸਤੇ ਅਤੇ ਸਪੈਸ਼ਲ ਟਾਸਕ ਗਰੁੱਪ ਨੂੰ ਵੀ ਤੈਨਾਤ ਕੀਤਾ ਹੈ।
 
ਉਨ੍ਹਾਂ ਅੱਗੇ ਕਿਹਾ, ਭਾਰਤ-ਪਾਕਿਸਤਾਨ ਮੈਚ ਰਾਤ 10:30 ਦੇ ਕਰੀਬ ਸਮਾਪਤ ਹੋਵੇਗਾ, ਇਸ ਲਈ ਗੁਜਰਾਤ ਪੁਲਿਸ ਦੀਆਂ ਸਾਰੀਆਂ ਇਕਾਈਆਂ ਨੂੰ ਕੱਲ੍ਹ ਰਾਤ 8 ਵਜੇ ਤੋਂ ਬਾਅਦ ਅਲਰਟ ਮੋਡ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।


ਦੱਸ ਦੇਈਏ ਕਿ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ-ਪਾਕਿ ਮੈਚ ਤੋਂ ਪਹਿਲਾਂ ਗੁਜਰਾਤ ਪੁਲਿਸ ਨੂੰ ਇੱਕ ਖਤਰਨਾਕ ਈਮੇਲ ਭੇਜੀ ਗਈ ਸੀ। ਇਸ ਈਮੇਲ ਵਿੱਚ ਨਰਿੰਦਰ ਮੋਦੀ ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਗੁਜਰਾਤ ਪੁਲਿਸ ਨੇ ਲੋਕਾਂ ਨੂੰ ਕਿਹਾ ਸੀ ਕਿ ਘਬਰਾਉਣ ਦੀ ਲੋੜ ਨਹੀਂ ਹੈ।