Stuart Broad World Record: ਦੁਨੀਆ ਦੇ ਸਰਬੋਤਮ ਟੈਸਟ ਗੇਂਦਬਾਜ਼ਾਂ ਵਿੱਚੋਂ ਇੱਕ ਸਟੂਅਰਟ ਬ੍ਰਾਡ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਵਨਡੇ ਤੇ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਬ੍ਰਾਡ ਹੁਣ ਟੈਸਟ ਕ੍ਰਿਕਟ ਵੀ ਨਹੀਂ ਖੇਡਣਗੇ। ਹਾਲਾਂਕਿ ਆਪਣੇ ਆਖਰੀ ਟੈਸਟ ਮੈਚ 'ਚ ਬ੍ਰਾਡ ਨੇ ਇਤਿਹਾਸ ਰਚ ਦਿੱਤਾ। ਆਪਣੇ ਆਖਰੀ ਟੈਸਟ 'ਚ ਬ੍ਰਾਡ ਨੇ ਅਜਿਹਾ ਵਿਸ਼ਵ ਰਿਕਾਰਡ ਬਣਾਇਆ, ਜੋ ਟੈਸਟ ਕ੍ਰਿਕਟ ਦੇ 146 ਸਾਲਾਂ ਦੇ ਇਤਿਹਾਸ 'ਚ ਕੋਈ ਨਹੀਂ ਕਰ ਸਕਿਆ ਸੀ।



ਟੈਸਟ ਕ੍ਰਿਕਟ 'ਚ ਅਜਿਹਾ ਪਹਿਲੀ ਵਾਰ ਹੋਇਆ
ਸਟੂਅਰਟ ਬ੍ਰਾਡ ਨੇ ਆਪਣੇ ਆਖਰੀ ਟੈਸਟ 'ਚ ਬੱਲੇਬਾਜ਼ੀ ਕਰਦੇ ਹੋਏ ਆਖਰੀ ਗੇਂਦ 'ਤੇ ਛੱਕਾ ਲਾਇਆ। ਇਸ ਦੇ ਨਾਲ ਹੀ ਆਖਰੀ ਗੇਂਦ 'ਤੇ ਵਿਕਟ ਵੀ ਹਾਸਲ ਕੀਤੀ। ਆਖਰੀ ਟੈਸਟ ਵਿੱਚ ਪਹਿਲੀ ਵਾਰ ਕਿਸੇ ਖਿਡਾਰੀ ਨੇ ਇਹ ਕਾਰਨਾਮਾ ਕੀਤਾ ਹੈ। ਇਸ ਤੋਂ ਪਹਿਲਾਂ ਕਈ ਗੇਂਦਬਾਜ਼ ਆਖਰੀ ਟੈਸਟ ਦੀ ਆਖਰੀ ਗੇਂਦ 'ਤੇ ਵਿਕਟਾਂ ਲੈ ਚੁੱਕੇ ਹਨ। ਇਸ ਦੇ ਨਾਲ ਹੀ ਆਖਰੀ ਟੈਸਟ ਗੇਂਦ 'ਤੇ ਛੱਕਾ ਵੀ ਦੇਖਣ ਨੂੰ ਮਿਲ ਚੁੱਕਾ ਹੈ ਪਰ ਆਖਰੀ ਟੈਸਟ 'ਚ ਬੱਲੇਬਾਜ਼ੀ ਕਰਦੇ ਹੋਏ ਆਖਰੀ ਗੇਂਦ 'ਤੇ ਛੱਕਾ ਤੇ ਗੇਂਦਬਾਜ਼ੀ ਕਰਦੇ ਹੋਏ ਆਖਰੀ ਗੇਂਦ 'ਤੇ ਵਿਕਟ ਲੈਣ ਦਾ ਕ੍ਰਿਸ਼ਮਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ।






 



ਬ੍ਰਾਡ ਨੇ 2023 ਦੀ ਐਸ਼ੇਜ਼ ਸੀਰੀਜ਼ 'ਚ 22 ਵਿਕਟਾਂ ਲਈਆਂ
ਖੱਬੇ ਹੱਥ ਦੇ ਬੱਲੇਬਾਜ਼ਾਂ ਲਈ ਕਾਲ ਕਹੇ ਜਾਣ ਵਾਲੇ ਸਟੂਅਰਟ ਬ੍ਰਾਡ ਨੇ ਆਪਣੀ ਆਖਰੀ ਟੈਸਟ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬ੍ਰਾਡ ਨੇ 2023 ਦੀ ਐਸ਼ੇਜ਼ ਸੀਰੀਜ਼ 'ਚ 22 ਵਿਕਟਾਂ ਲਈਆਂ। ਉਹ ਸੀਰੀਜ਼ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਰਹੇ। ਇਸ ਸੂਚੀ 'ਚ ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ ਪਹਿਲੇ ਨੰਬਰ 'ਤੇ ਰਹੇ। ਸਟਾਰਕ ਨੇ ਕੁੱਲ 23 ਵਿਕਟਾਂ ਆਪਣੇ ਨਾਂ ਕੀਤੀਆਂ।



ਬ੍ਰਾਡ ਦਾ ਟੈਸਟ ਕਰੀਅਰ ਸ਼ਾਨਦਾਰ ਰਿਹਾ
37 ਸਾਲਾ ਸਟੂਅਰਟ ਬ੍ਰਾਡ ਨੇ ਲਗਪਗ 16 ਸਾਲ ਤੱਕ ਟੈਸਟ ਕ੍ਰਿਕਟ ਖੇਡਿਆ। 21 ਸਾਲ ਦੀ ਉਮਰ 'ਚ ਡੈਬਿਊ ਕਰਨ ਵਾਲੇ ਬ੍ਰਾਡ ਨੇ ਕੁੱਲ 167 ਟੈਸਟ ਮੈਚਾਂ 'ਚ 604 ਵਿਕਟਾਂ ਲਈਆਂ। ਇਸ ਤੋਂ ਇਲਾਵਾ ਉਸ ਨੇ ਬੱਲੇ ਨਾਲ 3662 ਦੌੜਾਂ ਵੀ ਬਣਾਈਆਂ। ਬਰਾਡ ਦਾ ਟੈਸਟ ਵਿੱਚ ਸਰਵੋਤਮ ਸਕੋਰ 169 ਦੌੜਾਂ ਹੈ। ਉਸ ਦੇ ਬੱਲੇ ਤੋਂ ਇੱਕ ਸੈਂਕੜਾ ਤੇ 13 ਅਰਧ ਸੈਂਕੜੇ ਨਿਕਲੇ। ਗੇਂਦਬਾਜ਼ੀ ਵਿੱਚ, ਬ੍ਰਾਡ ਨੇ 20 ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਤੇ 28 ਵਾਰ ਇੱਕ ਪਾਰੀ ਵਿੱਚ ਚਾਰ ਵਿਕਟਾਂ ਲਈਆਂ।