Surya Kumar Yadav T20I Ranking: ਆਈਸੀਸੀ ਨੇ ਟੀ-20 ਇੰਟਰਨੈਸ਼ਨਲ ਦੀ ਬੱਲੇਬਾਜ਼ਾਂ ਦੀ ਰੈਂਕਿੰਗ ਜਾਰੀ ਕਰ ਦਿੱਤੀ ਹੈ। ਇਸ ਰੈਂਕਿੰਗ 'ਚ ਭਾਰਤ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਪਹਿਲੇ ਨੰਬਰ 'ਤੇ ਬਰਕਰਾਰ ਹਨ। ਸੂਰਿਆਕੁਮਾਰ ਯਾਦਵ 859 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੇ ਹਨ। ਹਾਲਾਂਕਿ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ 'ਚ ਇੰਗਲੈਂਡ ਖਿਲਾਫ਼ ਸੂਰਿਆ ਦਾ ਬੱਲਾ ਨਹੀਂ ਚੱਲ ਸਕਿਆ ਸੀ। ਜਿਸ ਕਾਰਨ ਉਸ ਦੇ ਰੈਂਕਿੰਗ ਵਿੱਚ 10 ਅੰਕਾਂ ਦਾ ਨੁਕਸਾਨ ਹੋਇਆ ਹੈ ਪਰ ਫਿਰ ਵੀ ਸੂਰਿਆ ਨੇ ਆਪਣੀ ਸਥਿਤੀ ਸਿਖਰ 'ਤੇ ਰੱਖੀ ਹੋਈ ਹੈ।
ਰਿਜ਼ਵਾਨ ਅਤੇ ਬਾਬਰ ਦੂਜੇ ਤੇ ਤੀਜੇ ਸਥਾਨ 'ਤੇ
ਭਾਰਤ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ 859 ਅੰਕਾਂ ਨਾਲ ਟੀ-20 ਬੱਲੇਬਾਜ਼ੀ ਰੈਂਕਿੰਗ 'ਚ ਸਿਖਰ 'ਤੇ ਬਰਕਰਾਰ ਹਨ। ਇਸ ਨਾਲ ਹੀ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 836 ਅੰਕਾਂ ਨਾਲ ਦੂਜੇ ਨੰਬਰ 'ਤੇ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਰਿਜ਼ਵਾਨ ਤੋਂ ਇਲਾਵਾ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ 778 ਅੰਕਾਂ ਨਾਲ ਤੀਜੇ ਸਥਾਨ 'ਤੇ ਆ ਗਏ ਹਨ। ਬਾਬਰ ਆਜ਼ਮ ਨੂੰ ਟੀ-20 ਵਿਸ਼ਵ ਕੱਪ ਸੈਮੀਫਾਈਨਲ 'ਚ ਨਿਊਜ਼ੀਲੈਂਡ ਖਿਲਾਫ਼ ਅਰਧ ਸੈਂਕੜਾ ਬਣਾਉਣ ਦਾ ਫਾਇਦਾ ਮਿਲਿਆ।
ਸੂਰਿਆਕੁਮਾਰ ਯਾਦਵ ਦੇ ਬੱਲੇ ਨੇ ਟੀ-20 ਵਿਸ਼ਵ ਕੱਪ 'ਚ ਕੀਤਾ ਪ੍ਰਦਰਸ਼ਨ
ਸੂਰਿਆ ਟੀ-20 ਵਿਸ਼ਵ ਕੱਪ 2022 'ਚ ਵੀ ਸ਼ਾਨਦਾਰ ਲੈਅ ਨਾਲ ਬੱਲੇਬਾਜ਼ੀ ਕਰ ਰਿਹਾ ਸੀ। ਉਸ ਨੇ ਵਿਸ਼ਵ ਕੱਪ ਵਿੱਚ ਕੁੱਲ 6 ਪਾਰੀਆਂ ਵਿੱਚ 75 ਦੀ ਔਸਤ ਨਾਲ 235 ਦੌੜਾਂ ਬਣਾਈਆਂ। ਇਸ ਦੌਰਾਨ ਉਹਨਾਂ ਦਾ ਸਟ੍ਰਾਈਕ ਰੇਟ 193.96 ਰਿਹਾ। ਇਸ ਟੂਰਨਾਮੈਂਟ 'ਚ ਉਸ ਦੇ ਬੱਲੇ ਤੋਂ ਕੁੱਲ 3 ਅਰਧ ਸੈਂਕੜੇ ਲੱਗੇ। ਇਸ ਦੇ ਨਾਲ ਹੀ ਉਸ ਦਾ ਉੱਚ ਸਕੋਰ 68 ਦੌੜਾਂ ਸੀ।
ਸੂਰਿਆ ਫਿਲਹਾਲ ਟੀ-20 ਅੰਤਰਰਾਸ਼ਟਰੀ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਹੈ। ਇਸ ਸਾਲ ਉਹ ਟੀ-20 ਕ੍ਰਿਕਟ 'ਚ ਹੁਣ ਤੱਕ 1000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਸੂਰਿਆ ਨੇ 2022 ਵਿੱਚ ਟੀ-20 ਇੰਟਰਨੈਸ਼ਨਲ ਵਿੱਚ 44.60 ਦੀ ਔਸਤ ਅਤੇ 186.54 ਦੀ ਸਟ੍ਰਾਈਕ ਰੇਟ ਨਾਲ 29 ਪਾਰੀਆਂ ਖੇਡਦਿਆਂ 1036 ਦੌੜਾਂ ਬਣਾਈਆਂ ਹਨ। ਫਿਲਹਾਲ ਸੂਰਿਆਕੁਮਾਰ ਯਾਦਵ ਟੀਮ ਇੰਡੀਆ ਨਾਲ ਨਿਊਜ਼ੀਲੈਂਡ ਦੌਰੇ 'ਤੇ ਗਏ ਹੋਏ ਹਨ। ਇਸ ਦੌਰੇ 'ਤੇ ਟੀਮ ਇੰਡੀਆ ਨੂੰ 18 ਨਵੰਬਰ ਤੋਂ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ।