Syed Mushtaq Ali Trophy 2023 Champion: ਪੰਜਾਬ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ 2023 ਜਿੱਤ ਲਈ ਹੈ। ਫਾਈਨਲ ਮੈਚ 'ਚ ਪੰਜਾਬ ਨੇ ਵਡੋਦਰਾ ਨੂੰ 20 ਦੌੜਾਂ ਨਾਲ ਹਰਾ ਕੇ ਘਰੇਲੂ ਟੂਰਨਾਮੈਂਟ ਦੀ ਟੀ-20 ਟਰਾਫੀ 'ਤੇ ਕਬਜ਼ਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ 223/4 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿੱਚ ਵਡੋਦਰਾ 203/7 ਤੱਕ ਹੀ ਪਹੁੰਚ ਸਕਿਆ। ਇਨ੍ਹੀਂ ਦਿਨੀਂ ਕ੍ਰਿਕਟ ਪ੍ਰੇਮੀ ਭਾਰਤ ਦੀ ਮੇਜ਼ਬਾਨੀ ਕਰ ਰਹੇ ਕ੍ਰਿਕਟ ਵਿਸ਼ਵ ਕੱਪ 2023 ਨੂੰ ਲੈ ਕੇ ਰੁੱਝੇ ਹੋਏ ਹਨ। ਪੰਜਾਬ ਨੇ ਵਿਸ਼ਵ ਕੱਪ ਦੌਰਾਨ ਘਰੇਲੂ ਕ੍ਰਿਕਟ ਵਿੱਚ ਆਪਣਾ ਜਲਵਾ ਦਿਖਾਇਆ ਹੈ।
ਪੰਜਾਬ ਲਈ ਖ਼ਿਤਾਬੀ ਮੁਕਾਬਲੇ ਵਿੱਚ ਅਨਮੋਲਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਹੀਰੋ ਬਣੇ। ਅਨਮੋਲ ਨੇ 185.25 ਦੀ ਸਟ੍ਰਾਈਕ ਰੇਟ ਨਾਲ 113 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 10 ਚੌਕੇ ਅਤੇ 6 ਛੱਕੇ ਸ਼ਾਮਲ ਸਨ। ਜਦਕਿ ਗੇਂਦਬਾਜ਼ੀ 'ਚ ਅਰਸ਼ਦੀਪ ਸਿੰਘ ਨੇ 4 ਓਵਰਾਂ 'ਚ ਸਿਰਫ 23 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਇਲਾਵਾ ਨਿਹਾਲ ਵਢੇਰਾ ਨੇ ਨਾਬਾਦ 61 ਦੌੜਾਂ ਬਣਾਈਆਂ। ਮੈਚ 'ਚ ਵਡੋਦਰਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਪੰਜਾਬ ਦੇ ਬੱਲੇਬਾਜ਼ਾਂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੂਰੀ ਤਰ੍ਹਾਂ ਨਾਲ ਗਲਤ ਸਾਬਤ ਕੀਤਾ। ਖ਼ਿਤਾਬੀ ਮੈਚ ਮੁਹਾਲੀ ਵਿੱਚ ਖੇਡਿਆ ਗਿਆ।
ਵਡੋਦਰਾ ਦੀ ਨਹੀਂ ਹੋਈ ਚੰਗੀ ਸ਼ੁਰੂਆਤ
224 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਆਈ ਵਡੋਦਰਾ ਦੀ ਟੀਮ ਨੂੰ ਦੂਜੇ ਹੀ ਓਵਰ ਵਿੱਚ ਪਹਿਲਾ ਝਟਕਾ ਲੱਗਿਆ। ਓਪਨਰ ਜਯੋਤਸਨੀਲ ਸਿੰਘ ਸਿਰਫ਼ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਹਾਲਾਂਕਿ ਸਾਥੀ ਓਪਨਰ ਨਿਨਾਦ ਰਾਠਵਾ ਨੇ 22 ਗੇਂਦਾਂ 'ਚ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 47 ਦੌੜਾਂ ਦੀ ਪਾਰੀ ਖੇਡੀ। ਪਰ ਉਹ ਵੀ 8ਵੇਂ ਓਵਰ ਵਿੱਚ ਪੈਵੇਲੀਅਨ ਪਰਤ ਗਏ।
ਇਸ ਤੋਂ ਬਾਅਦ ਟੀਮ ਦੀ ਤੀਜੀ ਵਿਕਟ 16.4 ਓਵਰਾਂ 'ਚ 164 ਦੌੜਾਂ 'ਤੇ ਡਿੱਗ ਗਈ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਅਭਿਮਨਿਊ ਸਿੰਘ 42 ਗੇਂਦਾਂ 'ਚ 3 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 61 ਦੌੜਾਂ ਬਣਾ ਕੇ ਅਰਸ਼ਦੀਪ ਸਿੰਘ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਕਪਤਾਨ ਕਰੁਣਾਲ ਪੰਡਯਾ 19ਵੇਂ ਓਵਰ ਦੀ ਪਹਿਲੀ ਗੇਂਦ 'ਤੇ 45 ਦੌੜਾਂ (32 ਗੇਂਦਾਂ) ਬਣਾ ਕੇ ਆਊਟ ਹੋ ਗਏ। ਕਪਤਾਨ ਨੇ ਆਪਣੀ ਪਾਰੀ 'ਚ 3 ਚੌਕੇ ਅਤੇ 1 ਛੱਕਾ ਲਗਾਇਆ।
ਫਿਰ ਅਗਲੀ ਹੀ ਗੇਂਦ 'ਤੇ ਸ਼ਿਵਾਲਿਕ ਸ਼ਰਮਾ 00 ਦੌੜਾਂ 'ਤੇ, 19ਵੇਂ ਓਵਰ ਦੀ ਆਖਰੀ ਗੇਂਦ 'ਤੇ ਭਾਨੂ ਪਾਨੀਆ 01 ਦੌੜਾਂ 'ਤੇ ਅਤੇ 20ਵੇਂ ਓਵਰ ਦੀ ਤੀਜੀ ਗੇਂਦ 'ਤੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਵਿਸ਼ਨੂੰ ਪਵੇਲੀਅਨ ਪਰਤ ਗਏ। ਉਨ੍ਹਾਂ ਨੇ 11 ਗੇਂਦਾਂ 'ਚ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ। ਇਸ ਤਰ੍ਹਾਂ ਬੜੌਦਾ ਪੰਜਾਬ ਤੋਂ ਖ਼ਿਤਾਬੀ ਮੈਚ ਹਾਰ ਗਿਆ।
ਇਦਾਂ ਦੀ ਰਹੀ ਪੰਜਾਬ ਦੀ ਗੇਂਦਬਾਜ਼ੀ
ਪੰਜਾਬ ਲਈ ਅਰਸ਼ਦੀਪ ਸਿੰਘ ਨੇ 4 ਓਵਰਾਂ 'ਚ 24 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਵਡੋਦਰਾ ਦੇ ਅਭਿਮਨਿਊ ਸਿੰਘ, ਸ਼ਿਵਾਲਿਕ ਸ਼ਰਮਾ, ਭਾਨੂ ਪਾਨੀਆ ਅਤੇ ਕਪਤਾਨ ਕਰੁਣਾਲ ਪੰਡਯਾ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਮਯੰਕ ਮਾਰਕੰਡੇ, ਹਰਪ੍ਰੀਤ ਬਰਾੜ ਅਤੇ ਸਿਧਾਰਥ ਕੌਲ ਨੂੰ 1-1 ਸਫਲਤਾ ਮਿਲੀ।
ਇਹ ਵੀ ਪੜ੍ਹੋ: SL vs BAN: ਟਾਈਮ ਆਊਟ ਦਾ ਕੀ ਹੈ ਨਿਯਮ ਜਿਸ ਕਰਕੇ ਬਿਨਾਂ ਗੇਂਦ ਖੇਡੇ ਹੀ ਆਊਟ ਹੋ ਗਏ ਮੈਥਿਊਜ਼ ?