Sunil Gavaskar: ਰੋਹਿਤ ਸ਼ਰਮਾ (Rohit Sharma) ਅਤੇ ਵਿਰਾਟ ਕੋਹਲੀ (Virat Kohli) ਪਿਛਲੀ 2 ਟੀ-20 ਸੀਰੀਜ਼ ਤੋਂ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ। ਇਨ੍ਹਾਂ ਦੋਵਾਂ ਸੀਨੀਅਰ ਖਿਡਾਰੀਆਂ ਨੂੰ ਨਾ ਤਾਂ ਨਿਊਜ਼ੀਲੈਂਡ ਦੌਰੇ 'ਤੇ ਖੇਡੀ ਗਈ ਟੀ-20 ਸੀਰੀਜ਼ 'ਚ ਸ਼ਾਮਲ ਕੀਤਾ ਗਿਆ ਸੀ ਅਤੇ ਨਾ ਹੀ ਸ੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ 'ਚ ਜਗ੍ਹਾ ਦਿੱਤੀ ਗਈ ਸੀ। ਹੁਣ ਇਹ ਦੋਵੇਂ ਦਿੱਗਜ ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਟੀ-20 ਸੀਰੀਜ਼ 'ਚ ਵੀ ਟੀਮ ਇੰਡੀਆ ਤੋਂ ਬਾਹਰ ਹਨ। ਅਜਿਹੇ 'ਚ ਸਵਾਲ ਉੱਠ ਰਹੇ ਹਨ ਕਿ ਕੀ ਵਿਰਾਟ ਅਤੇ ਰੋਹਿਤ ਦਾ ਟੀ-20 ਅੰਤਰਰਾਸ਼ਟਰੀ ਕਰੀਅਰ ਇੱਥੇ ਹੀ ਖ਼ਤਮ ਹੋ ਗਿਆ ਹੈ ਜਾਂ ਕੀ ਉਹ ਟੀ-20 ਵਿਸ਼ਵ ਕੱਪ 2024 ਤੱਕ ਇਸ ਫਾਰਮੈਟ 'ਚ ਖੇਡਣਾ ਜਾਰੀ ਰੱਖ ਸਕਦੇ ਹਨ? ਜਦੋਂ ਸੁਨੀਲ ਗਾਵਸਕਰ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਇਸ ਤਰ੍ਹਾਂ ਦਾ ਜਵਾਬ ਦਿੱਤਾ।
ਇੰਡੀਆ ਟੂਡੇ ਨਾਲ ਗੱਲਬਾਤ 'ਚ ਸੁਨੀਲ ਗਾਵਸਕਰ ਨੇ ਕਿਹਾ, "ਜਿਸ ਤਰ੍ਹਾਂ ਨਾਲ ਮੈਂ ਇਨ੍ਹਾਂ ਫ਼ੈਸਲਿਆਂ ਨੂੰ ਦੇਖ ਰਿਹਾ ਹਾਂ, ਉਸ ਤੋਂ ਲੱਗਦਾ ਹੈ ਕਿ ਅਗਲੇ ਸਾਲ ਟੀ-20 ਵਿਸ਼ਵ ਕੱਪ ਹੋਣਾ ਹੈ ਅਤੇ ਨਵੀਂ ਚੋਣ ਕਮੇਟੀ ਇੱਥੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਮੌਕੇ ਦੇਣਾ ਚਾਹੁੰਦੀ ਹੈ। ਹਾਲਾਂਕਿ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਰੋਹਿਤ ਜਾਂ ਕੋਹਲੀ ਦੇ ਨਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਜੇਕਰ ਇਹ ਦੋਵੇਂ 2023 'ਚ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਜਾਵੇਗਾ।"
ਵਿਰਾਟ ਅਤੇ ਰੋਹਿਤ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਟੀ-20 ਟੀਮ ਤੋਂ ਬਾਹਰ ਰੱਖਣ 'ਤੇ ਗਾਵਸਕਰ ਦਾ ਕਹਿਣਾ ਹੈ, "ਆਸਟ੍ਰੇਲੀਆ ਦੇ ਖ਼ਿਲਾਫ਼ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਨੂੰ ਲੈ ਕੇ ਚੋਣਕਾਰਾਂ ਨੇ ਉਨ੍ਹਾਂ ਨੂੰ ਬ੍ਰੇਕ ਦਿੱਤਾ ਹੋ ਸਕਦਾ ਹੈ ਤਾਂ ਕਿ ਉਹ ਇਸ ਅਹਿਮ ਸੀਰੀਜ਼ 'ਚ ਨਵੇਂ ਸਿਰੇ ਤੋਂ ਵਾਪਸੀ ਕਰ ਸਕਣ ਅਤੇ ਭਾਰਤੀ ਟੀਮ ਨੂੰ ਫ਼ਾਇਦਾ ਹੋਵੇ।"
ਲਗਾਤਾਰ ਕ੍ਰਿਕਟ ਖੇਡ ਰਹੀ ਹੈ ਟੀਮ ਇੰਡੀਆ
ਇਸ ਸਮੇਂ ਭਾਰਤੀ ਟੀਮ ਬੈਕ ਟੂ ਬੈਕ ਕ੍ਰਿਕਟ ਖੇਡ ਰਹੀ ਹੈ। ਇੱਕ ਲੜੀ ਦੇ ਖ਼ਤਮ ਹੋਣ ਤੋਂ ਤੁਰੰਤ ਬਾਅਦ ਦੂਜੀ ਲੜੀ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਲਗਾਤਾਰ ਕ੍ਰਿਕਟ ਖੇਡਣ ਨਾਲ ਖਿਡਾਰੀ 'ਤੇ ਵਰਕਲੋਡ ਵੱਧ ਸਕਦਾ ਹੈ। ਇਸ ਲਈ ਚੋਣਕਾਰ ਖਿਡਾਰੀਆਂ ਨੂੰ ਵਾਰੀ-ਵਾਰੀ ਆਰਾਮ ਵੀ ਦੇ ਰਹੇ ਹਨ। ਟੀਮ ਇੰਡੀਆ ਕੋਲ ਮਜ਼ਬੂਤ ਬੈਂਚ ਸਟ੍ਰੈਂਥ ਹੈ ਅਤੇ ਇਹੀ ਕਾਰਨ ਹੈ ਕਿ ਵਿਰਾਟ ਅਤੇ ਰੋਹਿਤ ਵਰਗੇ ਵੱਡੇ ਖਿਡਾਰੀਆਂ ਨੂੰ ਆਰਾਮ ਦੇਣ ਤੋਂ ਬਾਅਦ ਵੀ ਟੀਮ ਇੰਡੀਆ ਵਿਰੋਧੀ ਟੀਮ ਤੋਂ ਜ਼ਿਆਦਾ ਮਜ਼ਬੂਤ ਨਜ਼ਰ ਆ ਰਹੀ ਹੈ।