T20 World Cup 2022 Super-12 Round : T20 World Cup 2022 ਵਿੱਚ ਅੱਜ (22 ਅਕਤੂਬਰ) ਤੋਂ ਸੁਪਰ-12 ਦੌਰ ਸ਼ੁਰੂ ਹੋਣ ਦੇ ਨਾਲ ਹੀ ਅਸਲ ਧਮਾਲ ਵੀ ਸ਼ੁਰੂ ਹੋ ਜਾਵੇਗੀ। ਇਸ ਦੌਰ ਦੀ ਸ਼ੁਰੂਆਤ ਪਿਛਲੇ ਟੀ-20 ਵਿਸ਼ਵ ਕੱਪ ਦੀਆਂ ਫਾਈਨਲਿਸਟ ਟੀਮਾਂ ਵਿਚਾਲੇ ਮੈਚ ਨਾਲ ਹੋਵੇਗੀ। ਇਸ 'ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਸਿਡਨੀ ਕ੍ਰਿਕਟ ਗਰਾਊਂਡ (SCG) 'ਤੇ ਭਾਰਤੀ ਸਮੇਂ ਅਨੁਸਾਰ ਦੁਪਹਿਰ 12.30 ਵਜੇ ਸ਼ੁਰੂ ਹੋਵੇਗਾ। ਹਾਲਾਂਕਿ ਇਸ ਮੈਚ 'ਤੇ ਮੀਂਹ ਦਾ ਪਰਛਾਵਾਂ ਛਾਇਆ ਹੋਇਆ ਹੈ। ਮੈਚ ਦੌਰਾਨ ਮੀਂਹ ਦੀ ਸੰਭਾਵਨਾ 90% ਹੈ।

ਹਾਲਾਂਕਿ ਟੀ-20 ਵਿਸ਼ਵ ਕੱਪ 2022 ਦੀ ਸ਼ੁਰੂਆਤ 16 ਅਕਤੂਬਰ ਤੋਂ ਹੋ ਚੁੱਕੀ ਹੈ ਪਰ 16 ਤੋਂ 21 ਅਕਤੂਬਰ ਦਰਮਿਆਨ ਪਹਿਲੇ ਦੌਰ ਦੇ (ਕੁਆਲੀਫਾਇੰਗ) ਮੈਚ ਖੇਡੇ ਗਏ ਸੀ। ਇਸ 'ਚ 8 ਟੀਮਾਂ ਵਿਚਕਾਰ 12 ਮੈਚ ਹੋਏ, ਜਿਸ ਤੋਂ ਬਾਅਦ ਚਾਰ ਟੀਮਾਂ ਨੇ ਸੁਪਰ-12 'ਚ ਜਗ੍ਹਾ ਬਣਾਈ। ਭਾਰਤ, ਆਸਟ੍ਰੇਲੀਆ ਅਤੇ ਇੰਗਲੈਂਡ ਵਰਗੀਆਂ 8 ਟੀਮਾਂ ਪਹਿਲਾਂ ਹੀ ਇੱਥੇ ਮੌਜੂਦ ਸਨ। ਸੁਪਰ-12 ਦੀਆਂ ਸਾਰੀਆਂ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰ ਗਰੁੱਪ ਵਿੱਚ 6-6 ਟੀਮਾਂ ਹਨ। ਇਸ ਰਾਊਂਡ ਵਿੱਚ ਕੁੱਲ 30 ਮੈਚ ਖੇਡੇ ਜਾਣਗੇ।



 ਟੀ-20 ਰੈਂਕਿੰਗ 'ਚ ਆਸਟ੍ਰੇਲੀਆ ਤੋਂ ਬਿਹਤਰ ਹੈ ਨਿਊਜ਼ੀਲੈਂਡ 


ਪਹਿਲੇ ਮੈਚ 'ਚ ਨਿਊਜ਼ੀਲੈਂਡ ਦੀ ਚੁਣੌਤੀ ਮੇਜ਼ਬਾਨ ਆਸਟ੍ਰੇਲੀਆ ਦੇ ਸਾਹਮਣੇ ਹੋਵੇਗੀ। ਨਿਊਜ਼ੀਲੈਂਡ ਦੀ ਟੀਮ ਟੀ-20 ਅੰਤਰਰਾਸ਼ਟਰੀ ਦਰਜਾਬੰਦੀ ਵਿੱਚ ਆਸਟਰੇਲੀਆ ਤੋਂ ਇੱਕ ਸਥਾਨ ਉੱਪਰ ਹੈ। ਨਿਊਜ਼ੀਲੈਂਡ 5ਵੇਂ ਅਤੇ ਆਸਟ੍ਰੇਲੀਆ 6ਵੇਂ ਸਥਾਨ 'ਤੇ ਹੈ। ਆਸਟ੍ਰੇਲੀਆ ਨੇ ਹਾਲ ਹੀ 'ਚ ਭਾਰਤ ਅਤੇ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਹਾਰੀ ਹੈ। ਅਭਿਆਸ ਮੈਚ ਵਿੱਚ ਵੀ ਉਸ ਨੂੰ ਭਾਰਤੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਨੂੰ ਵੀ ਇਸ ਮਹੀਨੇ ਖੇਡੀ ਗਈ ਤਿਕੋਣੀ ਸੀਰੀਜ਼ 'ਚ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੂੰ ਅਭਿਆਸ ਮੈਚ 'ਚ ਵੀ ਦੱਖਣੀ ਅਫਰੀਕਾ ਨੇ ਬੁਰੀ ਤਰ੍ਹਾਂ ਨਾਲ ਹਰਾਇਆ ਸੀ। ਅਜਿਹੇ 'ਚ ਇਨ੍ਹਾਂ ਦੋਵਾਂ ਟੀਮਾਂ ਲਈ ਆਪਣੀ ਹਾਲੀਆ ਹਾਰ ਨੂੰ ਭੁਲਾ ਕੇ ਵਿਸ਼ਵ ਕੱਪ ਦੀ ਮੁਹਿੰਮ ਮਜ਼ਬੂਤੀ ਨਾਲ ਸ਼ੁਰੂ ਕਰਨਾ ਚੁਣੌਤੀ ਹੋਵੇਗੀ।

ਕਿਵੇਂ ਹੋ ਸਕਦੀ ਹੈ ਦੋਵਾਂ ਟੀਮਾਂ ਦੀ ਪਲੇਇੰਗ-11 ?

ਆਸਟ੍ਰੇਲੀਆ: ਐਰੋਨ ਫਿੰਚ (ਕਪਤਾਨ ), ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਵਿਕੇਟਕੀਪਰ ), ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ, ਜੋਸ ਹੇਜ਼ਲਵੁੱਡ।

ਨਿਊਜ਼ੀਲੈਂਡ : ਡੇਵਨ ਕੌਨਵੇ, ਫਿਨ ਐਲਨ/ਮਾਰਟਿਨ ਗੁਪਟਿਲ, ਕੇਨ ਵਿਲੀਅਮਸਨ (ਕਪਤਾਨ ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ, ਜਿੰਮੀ ਨੀਸ਼ਮ, ਮਿਸ਼ੇਲ ਸੈਂਟਨਰ, ਟਿਮ ਸਾਊਦੀ, ਟ੍ਰੇਂਟ ਬੋਲਟ, ਲਾਕੀ ਫਰਗੂਸਨ/ਐਡਮ ਮਿਲਨੇ, ਈਸ਼ ਸੋਢੀ।