Sourav Ganguly on Team India: ਟੀਮ ਇੰਡੀਆ (Team India) ਲਈ ਟੀ20 ਵਿਸ਼ਵ ਕੱਪ 2022 (T20 WC 2022) 'ਚ ਹੁਣ ਤੱਕ ਦਾ ਸਫ਼ਰ ਚੰਗਾ ਰਿਹਾ ਹੈ। ਭਾਰਤੀ ਟੀਮ ਨੇ ਆਪਣੇ ਤਿੰਨ ਮੈਚਾਂ ਵਿੱਚੋਂ 2 'ਚ ਜਿੱਤ ਦਰਜ ਕੀਤੀ ਹੈ। ਟੀਮ ਇੰਡੀਆ ਫਿਲਹਾਲ ਸੁਪਰ-12 ਦੌਰ ਦੇ ਗਰੁੱਪ-2 'ਚ ਦੂਜੇ ਸਥਾਨ 'ਚ ਹੈ ਅਤੇ ਸੈਮੀਫਾਈਨਲ 'ਚ ਪਹੁੰਚਣਾ ਜ਼ਿਆਦਾ ਮੁਸ਼ਕਲ ਨਹੀਂ ਲੱਗ ਰਿਹਾ ਹੈ। ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦੇ ਅਗਲੇ ਸਫ਼ਰ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦਿਲਚਸਪ ਜਵਾਬ ਦਿੱਤਾ।


ਸੌਰਵ ਗਾਂਗੁਲੀ ਨੇ ਕਿਹਾ, "ਭਾਰਤ ਹੁਣ ਤੱਕ ਸਿਰਫ਼ ਇੱਕ ਮੈਚ ਹਾਰਿਆ ਹੈ। ਇਹ ਟੀਮ ਸੈਮੀਫਾਈਨਲ 'ਚ ਪਹੁੰਚ ਜਾਵੇਗੀ। ਹਰ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਮੈਨੂੰ ਉਮੀਦ ਹੈ ਕਿ ਭਾਰਤੀ ਟੀਮ ਫਾਈਨਲ ਵੀ ਖੇਡੇਗੀ। ਪਹਿਲਾਂ ਉਨ੍ਹਾਂ ਨੂੰ ਸੈਮੀਫਾਈਨਲ 'ਚ ਪਹੁੰਚਣ ਦਿਓ, ਉਸ ਤੋਂ ਬਾਅਦ ਉਨ੍ਹਾਂ ਨੂੰ ਆਖਰੀ 2 ਮੈਚ (ਸੈਮੀਫਾਈਨਲ ਅਤੇ ਫਾਈਨਲ) ਖੇਡਣੇ ਹਨ ਅਤੇ ਇਹ ਦੋਵੇਂ ਮੈਚ ਕਿਸੇ ਦੇ ਵੀ ਹੱਕ 'ਚ ਜਾ ਸਕਦੇ ਹਨ।


ਸੌਰਵ ਗਾਂਗੁਲੀ ਨੇ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ (ਸੀਏਬੀ) ਦੀ ਸਾਲਾਨਾ ਆਮ ਮੀਟਿੰਗ (ਏਜੀਐਮ) 'ਚ ਇਹ ਗੱਲ ਕਹੀ। ਸੋਮਵਾਰ ਨੂੰ ਹੋਈ ਇਸ ਮੀਟਿੰਗ ਵਿੱਚ ਨਵੀਂ ਮੈਨੇਜਮੈਂਟ ਨੂੰ ਕੰਮ ਸੌਂਪਿਆ ਗਿਆ। ਦੱਸ ਦੇਈਏ ਕਿ CAB ਦੀ ਵਾਗਡੋਰ ਹੁਣ ਸੌਰਵ ਗਾਂਗੁਲੀ ਦੇ ਭਰਾ ਸਨੇਹਾਸ਼ੀਸ਼ ਸੰਭਾਲਣਗੇ। ਉਨ੍ਹਾਂ ਨੂੰ CAB ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ।


ਬੰਗਲਾਦੇਸ਼ ਖ਼ਿਲਾਫ਼ ਹੈ ਟੀਮ ਇੰਡੀਆ ਦਾ ਅਗਲਾ ਮੈਚ


ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2022 ਦੇ ਆਪਣੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ ਰੋਮਾਂਚਕ ਹਾਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਨੀਦਰਲੈਂਡ ਨੂੰ ਹਰਾਇਆ। ਹਾਲਾਂਕਿ ਤੀਜੇ ਮੈਚ 'ਚ ਟੀਮ ਇੰਡੀਆ ਨੂੰ ਦੱਖਣੀ ਅਫਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ 'ਚ ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 133 ਦੌੜਾਂ ਹੀ ਬਣਾ ਸਕੀ। ਹਾਲਾਂਕਿ ਭਾਰਤੀ ਗੇਂਦਬਾਜ਼ਾਂ ਨੇ ਦੱਖਣ ਅਫਰੀਕੀ ਬੱਲੇਬਾਜ਼ਾਂ ਨੂੰ ਚੰਗੀ ਟੱਕਰ ਦਿੰਦੇ ਹੋਏ ਮੈਚ ਨੂੰ ਆਖਰੀ ਓਵਰ ਤੱਕ ਆਪਣਾ ਦਬਦਬਾ ਬਣਾ ਕੇ ਰੱਖਿਆ। ਹੁਣ ਭਾਰਤੀ ਟੀਮ ਆਪਣੇ ਅਗਲੇ ਮੈਚ 'ਚ ਬੰਗਲਾਦੇਸ਼ ਨਾਲ ਭਿੜੇਗੀ।