Manmohan Singh Death: ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਹੀਂ ਰਹੇ। ਵੀਰਵਾਰ ਨੂੰ 92 ਸਾਲ ਦੀ ਉਮਰ 'ਚ ਦਿੱਲੀ ਏਮਜ਼ 'ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਇਸ ਸੰਦਰਭ 'ਚ ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਮੈਲਬੌਰਨ 'ਚ ਬਾਕਸਿੰਗ ਡੇ ਟੈਸਟ ਖੇਡ ਰਹੀ ਭਾਰਤੀ ਟੀਮ ਦੇ ਖਿਡਾਰੀ ਬਾਂਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ 'ਤੇ ਉਤਰੇ।
ਦਰਅਸਲ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲੰਬੇ ਸਮੇਂ ਤੋਂ ਬਿਮਾਰ ਸਨ। 26 ਦਸੰਬਰ 2024 ਨੂੰ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦੀ ਸਮੱਸਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਲਿਆਂਦਾ ਗਿਆ, ਪਰ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਆਈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ਤੋਂ ਬਾਅਦ ਪੂਰਾ ਦੇਸ਼ ਸੋਗ ਵਿੱਚ ਹੈ।
ਕਿਹੋ ਜਿਹਾ ਮੈਚ ਦਾ ਹਾਲ ?
ਆਸਟ੍ਰੇਲੀਆ ਦੀ ਪਹਿਲੀ ਪਾਰੀ 474 ਦੌੜਾਂ 'ਤੇ ਸਮਾਪਤ ਹੋਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਆਸਟ੍ਰੇਲੀਆ ਲਈ ਪਹਿਲੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ। ਇਸ ਤੋਂ ਬਾਅਦ ਸਟੀਵ ਸਮਿਥ ਨੇ ਆਪਣੇ ਟੈਸਟ ਕਰੀਅਰ ਦਾ 34ਵਾਂ ਸੈਂਕੜਾ ਲਗਾਇਆ। ਕਪਤਾਨ ਪੈਟ ਕਮਿੰਸ ਨੇ 49 ਦੌੜਾਂ ਦੀ ਪਾਰੀ ਖੇਡੀ। ਦੂਜੇ ਦਿਨ ਆਸਟਰੇਲੀਆ ਨੇ ਛੇ ਵਿਕਟਾਂ ’ਤੇ 311 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ।
ਹਾਲਾਂਕਿ ਚਾਰ ਵਿਕਟਾਂ ਲਈ ਭਾਰਤੀ ਗੇਂਦਬਾਜ਼ਾਂ ਨੂੰ ਅੱਜ ਸਖ਼ਤ ਮਿਹਨਤ ਕਰਨੀ ਪਈ। ਆਸਟ੍ਰੇਲੀਆ ਨੇ ਅੱਜ 163 ਦੌੜਾਂ ਜੋੜੀਆਂ ਤੇ ਚਾਰ ਵਿਕਟਾਂ ਗੁਆ ਦਿੱਤੀਆਂ। ਸਮਿਥ 140 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਜਦਕਿ ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਆਕਾਸ਼ ਦੀਪ ਨੇ ਦੋ ਵਿਕਟਾਂ ਲਈਆਂ, ਜਦਕਿ ਸੁੰਦਰ ਨੇ ਇਕ ਵਿਕਟ ਲਈ।