WTC Final 2023 Weather Report: ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ 7 ਜੂਨ ਤੋਂ ਲੰਡਨ ਦੇ ਓਵਲ 'ਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਮੀਂਹ ਦੇ ਕਾਲੇ ਬੱਦਲ ਛਾਏ ਹੋਏ ਨਜ਼ਰ ਆ ਰਹੇ ਹਨ। ਇਹ ਖਿਤਾਬੀ ਮੁਕਾਬਲਾ ਲੰਡਨ ਦੇ ਕੇਨਿੰਗਟਨ ਓਵਲ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ 2021 'ਚ ਖੇਡੀ ਗਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ 'ਚ ਮੀਂਹ ਨੇ ਖੇਡ ਖਰਾਬ ਕਰ ਦਿੱਤੀ ਸੀ, ਜਿਸ ਕਾਰਨ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਤੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


AccuWeather ਦੇ ਮੁਤਾਬਕ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੇ ਚੌਥੇ ਦਿਨ ਮੀਂਹ ਪੈ ਸਕਦਾ ਹੈ। ਇੱਥੇ ਲੰਡਨ 'ਚ ਮੈਚ ਦੇ ਚੌਥੇ ਦਿਨ ਮੀਂਹ ਪੈਣ ਦੀ ਸੰਭਾਵਨਾ 60 ਫੀਸਦੀ ਹੈ। ਫਾਈਨਲ ਮੈਚ 7 ਤੋਂ 11 ਜੂਨ ਤੱਕ ਖੇਡਿਆ ਜਾਵੇਗਾ। ਇਸ ਦੇ ਨਾਲ ਹੀ 12 ਜੂਨ ਨੂੰ ਰਿਜ਼ਰਵ ਡੇਅ ਵਜੋਂ ਰੱਖਿਆ ਗਿਆ ਹੈ। ਜੇਕਰ ਚੌਥੇ ਦਿਨ ਮੀਂਹ ਪੈਂਦਾ ਹੈ ਤਾਂ ਖ਼ਿਤਾਬੀ ਮੈਚ ਦਾ ਫ਼ੈਸਲਾ ਰਿਜ਼ਰਵ ਦਿਨ 'ਤੇ ਹੋ ਸਕਦਾ ਹੈ।


ਰਿਪੋਰਟਾਂ ਦੀ ਮੰਨੀਏ ਤਾਂ ਚੌਥੇ ਦਿਨ ਨੂੰ ਛੱਡ ਕੇ ਬਾਕੀ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਲਗਭਗ ਨਹੀਂ ਹੈ। ਪਹਿਲੇ ਤੇ ਦੂਜੇ ਦਿਨ ਸਿਰਫ਼ 1 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਤੀਜੇ ਦਿਨ 4 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੰਜਵੇਂ ਦਿਨ 1 ਫੀਸਦੀ ਅਤੇ ਰਾਖਵੇਂ ਦਿਨ 7 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ।


ਪਿਛਲੇ ਸੀਜ਼ਨ ਦੇ ਫਾਈਨਲ ਵਿੱਚ ਵੀ ਪਿਆ ਸੀ ਮੀਂਹ...


ਇਸ ਤੋਂ ਪਹਿਲਾਂ ਪਿਛਲੇ ਐਡੀਸ਼ਨ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਸੀ। ਇਸ ਮੈਚ ਵਿੱਚ ਵੀ ਮੀਂਹ ਨੇ ਖੇਡ ਵਿਗਾੜ ਦਿੱਤੀ। ਫਿਰ ਰਿਜ਼ਰਵ ਡੇਅ ਸਮੇਤ ਕੁੱਲ ਚਾਰ ਦਿਨਾਂ ਦੀ ਖੇਡ ਹੀ ਖੇਡੀ ਜਾ ਸਕੀ ਸੀ। ਮੀਂਹ ਕਾਰਨ ਦੋ ਦਿਨਾਂ ਤੱਕ ਇੱਕ ਵੀ ਗੇਂਦ ਨਹੀਂ ਸੁੱਟੀ ਗਈ ਸੀ।


ਜੇਕਰ ਫਾਈਨਲ ਮੀਂਹ ਕਾਰਨ ਡਰਾਅ ਹੋਇਆ ਤਾਂ ਕੌਣ ਹੋਵੇਗਾ ਜੇਤੂ?


ਜੇਕਰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਫਾਈਨਲ ਮੈਚ ਮੀਂਹ ਕਾਰਨ ਡਰਾਅ ਹੋ ਜਾਂਦਾ ਹੈ ਤਾਂ ਦੋਵਾਂ ਟੀਮਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨਿਆ ਜਾਵੇਗਾ। ਆਈਸੀਸੀ ਦੇ ਨਿਯਮਾਂ ਮੁਤਾਬਕ ਚੈਂਪੀਅਨਸ਼ਿਪ ਜਾਂ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਮੀਂਹ ਪੈਣ 'ਤੇ ਦੋਵੇਂ ਟੀਮਾਂ ਸਾਂਝੀਆਂ ਜੇਤੂ ਮੰਨੀਆਂ ਜਾਂਦੀਆਂ ਹਨ।


ਓਵਲ ਵਿੱਚ ਡਰੇਨੇਜ ਸਿਸਟਮ ਕੀ ਹੈ?


ਇੰਗਲੈਂਡ ਵਿੱਚ ਅਕਸਰ ਮੀਂਹ ਪੈਂਦਾ ਹੈ। ਇਸ ਦੇ ਨਾਲ ਹੀ ਓਵਲ ਦੀ ਜ਼ਮੀਨ 'ਤੇ ਰੇਤ ਆਧਾਰਿਤ ਨਿਕਾਸੀ ਪ੍ਰਣਾਲੀ ਹੈ। ਇਸ ਪ੍ਰਣਾਲੀ ਦੀ ਮਦਦ ਨਾਲ ਜ਼ਮੀਨ ਦੀ ਸਤ੍ਹਾ 'ਤੇ ਪਾਣੀ ਘੱਟ ਰਹਿੰਦਾ ਹੈ ਅਤੇ ਫਿਲਟਰ ਹੋ ਕੇ ਹੇਠਾਂ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਪਿੱਚ ਨੂੰ ਢੱਕਣ ਲਈ ਹੋਵਰ ਰੋਵਰ ਦੀ ਵਰਤੋਂ ਕੀਤੀ ਜਾਂਦੀ ਹੈ।