IND vs SA Full Innings Highlights: ਅੰਡਰ-19 ਵਿਸ਼ਵ ਕੱਪ 2024 ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਮੈਚ ਦੀ ਪਹਿਲੀ ਪਾਰੀ ਖਤਮ ਹੋਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਦੱਖਣੀ ਅਫਰੀਕਾ ਨੇ 50 ਓਵਰਾਂ 'ਚ 7 ਵਿਕਟਾਂ 'ਤੇ 244 ਦੌੜਾਂ ਬਣਾਈਆਂ। ਟੀਮ ਲਈ ਲੁਆਨ-ਡ੍ਰੇ ਪ੍ਰੀਟੋਰੀਅਸ ਨੇ 76 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਦੌਰਾਨ ਭਾਰਤ ਲਈ ਰਾਜ ਲਿੰਬਾਨੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।
ਬੇਨੋਨੀ ਦੇ ਵਿਲੋਮੂਰ ਪਾਰਕ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਵਿਰੋਧੀ ਦੱਖਣੀ ਅਫਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਇਹ ਫੈਸਲਾ ਭਾਰਤ ਲਈ ਕਾਫੀ ਹੱਦ ਤੱਕ ਸਫਲ ਰਿਹਾ ਕਿਉਂਕਿ ਉਸ ਨੇ ਅਫਰੀਕਾ ਨੂੰ 244 ਦੌੜਾਂ 'ਤੇ ਹੀ ਰੋਕ ਲਿਆ। ਭਾਰਤ ਨੇ ਛੇਤੀ ਵਿਕਟਾਂ ਲੈਕੇ ਅਫਰੀਕਾ ਨੂੰ ਵੱਡਾ ਸਕੋਰ ਬਣਾਉਣ ਦੀ ਰਫ਼ਤਾਰ ਫੜਨ ਨਹੀਂ ਦਿੱਤੀ। ਹਾਲਾਂਕਿ, ਨੌਵੇਂ ਨੰਬਰ 'ਤੇ ਆਏ ਟ੍ਰਿਸਟਨ ਲੂਸ ਨੇ 12 ਗੇਂਦਾਂ 'ਚ 23* ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ, ਜਿਸ 'ਚ ਉਸ ਨੇ 1 ਚੌਕਾ ਅਤੇ 2 ਛੱਕੇ ਲਗਾਏ।
ਸ਼ੁਰੂ ਤੋਂ ਅਖੀਰ ਤੱਕ ਇਦਾਂ ਦੀ ਰਹੀ ਅਫਰੀਕਾ ਦੀ ਪਾਰੀ
ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਸ਼ੁਰੂਆਤ ਚੰਗੀ ਰਹੀ। ਉਸ ਨੇ 5ਵੇਂ ਓਵਰ 'ਚ 23 ਦੌੜਾਂ ਦੇ ਸਕੋਰ 'ਤੇ ਪਹਿਲੀ ਵਿਕਟ ਗੁਆ ਦਿੱਤੀ। ਅਫਰੀਕਾ ਨੂੰ ਪਹਿਲਾ ਝਟਕਾ ਸਟੀਵ ਸਟੋਲਕ ਦੇ ਰੂਪ 'ਚ ਲੱਗਿਆ, ਜੋ 2 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 17 ਗੇਂਦਾਂ 'ਚ 14 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਫਿਰ 9ਵੇਂ ਓਵਰ 'ਚ ਟੀਮ ਨੇ ਡੇਵਿਡ ਟੀਗਰ ਦੇ ਰੂਪ 'ਚ ਦੂਜਾ ਵਿਕਟ ਗਵਾਇਆ, ਜੋ ਬਿਨਾਂ ਖਾਤਾ ਖੋਲ੍ਹੇ ਦੂਜੀ ਗੇਂਦ 'ਤੇ ਆਊਟ ਹੋ ਗਏ।
ਇਹ ਵੀ ਪੜ੍ਹੋ: IND vs ENG: ਟੀਮ ਇੰਡੀਆ ਨੂੰ ਜਿੱਤ ਦੇ ਬਾਵਜੂਦ ਸੁਧਾਰ ਦੀ ਲੋੜ, ਖਿਡਾਰੀਆਂ ਦੀਆਂ ਇਹ ਕਮੀਆਂ ਸਭ ਤੋਂ ਵੱਡੀ ਮੁਸੀਬਤ
ਦੋ ਸ਼ੁਰੂਆਤੀ ਵਿਕਟਾਂ ਡਿੱਗਣ ਤੋਂ ਬਾਅਦ ਅਫਰੀਕਾ ਨੂੰ ਰਿਚਰਡ ਸੇਲੇਟਸਵੇਨ ਅਤੇ ਲੁਆਨ-ਡ੍ਰੇ ਪ੍ਰੀਟੋਰੀਅਸ ਨੇ ਸੰਭਾਲਿਆ ਅਤੇ ਦੋਵਾਂ ਨੇ ਤੀਜੇ ਵਿਕਟ ਲਈ 72 ਦੌੜਾਂ (133 ਗੇਂਦਾਂ) ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਮੁਸ਼ੀਰ ਖਾਨ ਨੇ 31ਵੇਂ ਓਵਰ ਵਿੱਚ ਲੁਆਨ-ਡ੍ਰੇ ਪ੍ਰੀਟੋਰੀਅਸ ਦੀ ਵਿਕਟ ਲੈਕੇ ਤੋੜਿਆ। ਚੰਗੀ ਪਾਰੀ ਖੇਡ ਰਹੇ ਪ੍ਰੀਟੋਰੀਅਸ 102 ਗੇਂਦਾਂ 'ਚ 6 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 76 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਫਿਰ ਰਿਚਰਡ ਸੇਲੇਟਸਵੇਨ ਨੇ ਓਲੀਵਰ ਵ੍ਹਾਈਟਹੈੱਡ ਨਾਲ ਮਿਲ ਕੇ ਚੌਥੇ ਵਿਕਟ ਲਈ 45 ਦੌੜਾਂ (58 ਗੇਂਦਾਂ) ਦੀ ਸਾਂਝੇਦਾਰੀ ਕੀਤੀ। ਇਸ ਵਧੀ ਹੋਈ ਸਾਂਝੇਦਾਰੀ ਨੂੰ ਮੁਸ਼ੀਰ ਖਾਨ ਨੇ 40ਵੇਂ ਓਵਰ ਵਿੱਚ ਓਲੀਵਰ ਵ੍ਹਾਈਟਹੈੱਡ ਦੀ ਵਿਕਟ ਨਾਲ ਤੋੜਿਆ। ਵ੍ਹਾਈਟਹੈੱਡ ਨੇ 34 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਇਸ ਤੋਂ ਬਾਅਦ ਟੀਮ ਨੂੰ ਪੰਜਵਾਂ ਝਟਕਾ 43ਵੇਂ ਓਵਰ ਵਿੱਚ ਦੀਵਾਨ ਮਰੇਸ (03) ਦੇ ਰੂਪ ਵਿੱਚ ਲੱਗਿਆ।
ਹਾਲਾਂਕਿ ਇਸ ਤੋਂ ਬਾਅਦ ਰਿਚਰਡ ਸੇਲੇਟਸਵੇਨ ਅਤੇ ਕਪਤਾਨ ਜੁਆਨ ਜੇਮਸ ਨੇ ਛੇਵੇਂ ਵਿਕਟ ਲਈ 40 (25 ਗੇਂਦਾਂ) ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਨਮਨ ਤਿਵਾਰੀ ਨੇ 47ਵੇਂ ਓਵਰ ਵਿੱਚ ਰਿਚਰਡ ਸੇਲੇਟਸਵੇਨ ਦੀ ਵਿਕਟ ਨਾਲ ਤੋੜਿਆ। ਸ਼ਾਨਦਾਰ ਪਾਰੀ ਵੱਲ ਵੱਧ ਰਹੇ ਰਿਚਰਡ 100 ਗੇਂਦਾਂ 'ਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 64 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਫਿਰ 48ਵੇਂ ਓਵਰ ਵਿੱਚ ਤੇਜ਼ ਰਫ਼ਤਾਰ ਨਾਲ ਸਕੋਰ ਬਣਾ ਰਹੇ ਕਪਤਾਨ ਜੁਆਨ ਜੇਮਸ 19 ਗੇਂਦਾਂ ਵਿੱਚ 1 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 24 ਦੌੜਾਂ ਬਣਾ ਕੇ ਆਊਟ ਹੋ ਗਏ।
ਇਦਾਂ ਰਹੀ ਭਾਰਤ ਦੀ ਗੇਂਦਬਾਜ਼ੀ
ਭਾਰਤ ਲਈ ਰਾਜ ਲਿੰਬਾਨੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਇਸ ਦੌਰਾਨ ਉਸ ਨੇ 9 ਓਵਰਾਂ ਵਿੱਚ 60 ਦੌੜਾਂ ਖਰਚ ਕੀਤੀਆਂ। ਇਸ ਤੋਂ ਇਲਾਵਾ ਮੁਸ਼ੀਰ ਖਾਨ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਦੌਰਾਨ ਮੁਸ਼ੀਰ ਨੇ 10 ਓਵਰਾਂ 'ਚ 43 ਦੌੜਾਂ ਦਿੱਤੀਆਂ। ਜਦਕਿ ਨਮਨ ਤਿਵਾਰੀ ਅਤੇ ਸੌਮੀ ਪਾਂਡੇ ਨੂੰ 1-1 ਸਫਲਤਾ ਮਿਲੀ।
ਇਹ ਵੀ ਪੜ੍ਹੋ: Rohit Sharma: ਰੋਹਿਤ ਸ਼ਰਮਾ ਦੇ ਹੱਥੋਂ ਕਿਉਂ ਨਿਕਲ ਗਈ ਮੁੰਬਈ ਇੰਡੀਅਨਜ਼ ਦੀ ਕਪਤਾਨੀ? ਹੈੱਡ ਕੋਚ ਨੇ ਖੋਲ੍ਹਿਆ ਸਾਰਾ ਰਾਜ਼