Umran Malik : IPL 2022 'ਚ ਆਪਣੀ ਸਪੀਡ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਉਮਰਾਨ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਟੀ-20 ਅਤੇ ਵਨਡੇ 'ਚ ਆਪਣਾ ਡੈਬਿਊ ਕੀਤਾ ਹੈ। ਆਈਪੀਐਲ 'ਚ ਧਮਾਕਾ ਕਰਨ ਤੋਂ ਬਾਅਦ ਹੁਣ ਉਹ ਹੌਲੀ-ਹੌਲੀ ਅੰਤਰਰਾਸ਼ਟਰੀ ਕ੍ਰਿਕਟ 'ਚ ਵੀ ਆਪਣੀ ਛਾਪ ਛੱਡ ਰਿਹਾ ਹੈ। ਇੱਥੇ ਉਨ੍ਹਾਂ ਦਾ ਡੈਬਿਊ ਕੁਝ ਖਾਸ ਨਹੀਂ ਸੀ ਪਰ ਹੁਣ ਇਹ ਗੇਂਦਬਾਜ਼ ਲਗਾਤਾਰ ਆਪਣੀ ਗੇਂਦਬਾਜ਼ੀ 'ਚ ਸੁਧਾਰ ਕਰ ਰਿਹਾ ਹੈ। ਇਹੀ ਵਜ੍ਹਾ ਹੈ ਕਿ ਕਈ ਸਾਬਕਾ ਕ੍ਰਿਕਟਰ ਅਕਸਰ ਉਨ੍ਹਾਂ ਦੀ ਤਾਰੀਫ਼ ਕਰਦੇ ਨਜ਼ਰ ਆਉਂਦੇ ਹਨ। ਇਸ 'ਚ ਬ੍ਰੈਟ ਲੀ ਵੀ ਸ਼ਾਮਲ ਹੈ। ਬ੍ਰੈਟ ਲੀ ਕਈ ਮੌਕਿਆਂ 'ਤੇ ਉਮਰਾਨ ਦੀ ਤਾਰੀਫ਼ ਕਰ ਚੁੱਕੇ ਹਨ। ਇਕ ਵਾਰ ਫਿਰ ਉਨ੍ਹਾਂ ਨੇ ਇਸ ਤੇਜ਼ ਗੇਂਦਬਾਜ਼ ਦੀ ਤਾਰੀਫ਼ ਕੀਤੀ ਹੈ।


ਦੋਹਾ 'ਚ ਲੀਜੈਂਡਜ਼ ਲੀਗ ਕ੍ਰਿਕਟ ਖੇਡਣ ਆਏ ਬ੍ਰੈਟ ਲੀ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ 'ਚ ਉਮਰਾਨ ਬਾਰੇ ਇਕ ਅਹਿਮ ਗੱਲ ਕਹੀ। ਇੱਥੇ ਬ੍ਰੇਟ ਲੀ ਤੋਂ ਪੁੱਛਿਆ ਗਿਆ ਕਿ ਕੀ ਉਮਰਾਨ ਮਲਿਕ ਨੂੰ ਭਾਰਤੀ ਟੈਸਟ ਟੀਮ ਦਾ ਹਿੱਸਾ ਹੋਣਾ ਚਾਹੀਦਾ ਹੈ? ਇਸ 'ਤੇ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ, "ਕਿਉਂ ਨਹੀਂ? ਮੇਰੀ ਰਾਏ 'ਚ ਉਹ ਇਸ ਲਈ ਸੰਪੂਰਨ ਹੈ। ਉਹ ਅਜਿਹਾ ਨੌਜਵਾਨ ਹੈ ਜੋ ਸੁਪਰਸਟਾਰ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਦੀ ਤੇਜ਼ ਰਫ਼ਤਾਰ ਚੰਗੀ ਹੈ, ਉਸ ਦਾ ਗੇਂਦਬਾਜ਼ੀ ਐਕਸ਼ਨ ਸ਼ਾਨਦਾਰ ਹੈ ਅਤੇ ਉਸ ਦੀ ਰਨਿੰਗ ਵੀ ਚੰਗੀ ਹੈ ਅਤੇ ਗੇਂਦਬਾਜ਼ੀ ਨੂੰ ਲੈ ਕੇ ਅਪ੍ਰੋਚ ਵੀ ਜ਼ਬਰਦਸਤ ਹੈ। ਇਸ ਲਈ ਮੈਂ ਉਨ੍ਹਾਂ ਨੂੰ ਟੈਸਟ ਟੀਮ 'ਚ ਸ਼ਾਮਲ ਕਰਨ ਲਈ ਯਕੀਨੀ ਤੌਰ 'ਤੇ ਹਾਂ ਕਹਾਂਗਾ।"


ਇਸ ਤਰ੍ਹਾਂ ਦਾ ਰਿਹਾ ਹੈ ਉਮਰਾਨ ਦਾ ਅੰਤਰਰਾਸ਼ਟਰੀ ਕਰੀਅਰ


ਉਮਰਾਨ ਮਲਿਕ ਨੇ ਆਈਪੀਐਲ 2022 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਲਗਾਤਾਰ 150+ ਸਪੀਡ ਗੇਂਦਾਂ ਨਾਲ ਵਿਰੋਧੀ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਅਤੇ ਬਹੁਤ ਸਾਰੀਆਂ ਵਿਕਟਾਂ ਲਈਆਂ। ਨਤੀਜਾ ਇਹ ਹੋਇਆ ਕਿ ਆਈਪੀਐਲ ਤੋਂ ਠੀਕ ਬਾਅਦ ਉਨ੍ਹਾਂ ਨੂੰ ਟੀ-20 ਅੰਤਰਰਾਸ਼ਟਰੀ ਡੈਬਿਊ ਕਰਨ ਦਾ ਮੌਕਾ ਮਿਲਿਆ ਅਤੇ ਫਿਰ ਉਨ੍ਹਾਂ ਨੂੰ ਵਨਡੇ ਲਈ ਭਾਰਤ ਦੇ ਪਲੇਇੰਗ-11 ਦਾ ਹਿੱਸਾ ਬਣਾਇਆ ਗਿਆ।


ਉਮਰਾਨ ਮਲਿਕ ਨੇ ਹੁਣ ਤੱਕ 8 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 22.09 ਦੀ ਗੇਂਦਬਾਜ਼ੀ ਔਸਤ ਨਾਲ 11 ਵਿਕਟਾਂ ਹਾਸਲ ਕੀਤੀਆਂ ਹਨ। ਹਾਲਾਂਕਿ ਇੱਥੇ ਉਨ੍ਹਾਂ ਨੇ 10.48 ਦੀ ਇਕਾਨਮੀ ਰੇਟ 'ਤੇ ਦੌੜਾਂ ਲੁਟਾਈਆਂ ਹਨ। ਵਨਡੇ 'ਚ ਉਨ੍ਹਾਂ ਦਾ ਪ੍ਰਦਰਸ਼ਨ ਹੋਰ ਵੀ ਬਿਹਤਰ ਰਿਹਾ ਹੈ। 8 ਇੱਕ ਰੋਜ਼ਾ ਮੈਚਾਂ 'ਚ ਉਨ੍ਹਾਂ ਨੇ 27.30 ਦੀ ਗੇਂਦਬਾਜ਼ੀ ਔਸਤ ਅਤੇ 6.45 ਦੇ ਔਸਤ ਨਾਲ 13 ਵਿਕਟਾਂ ਲਈਆਂ ਹਨ। ਹੁਣ ਤੱਕ ਉਨ੍ਹਾਂ ਨੂੰ ਟੈਸਟ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ ਹੈ।