India vs Sri Lanka 1st Test : T20 ਤੋਂ ਬਾਅਦ ਹੁਣ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ 4 ਮਾਰਚ ਤੋਂ ਮੋਹਾਲੀ 'ਚ ਖੇਡਿਆ ਜਾਵੇਗਾ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਇਹ 100ਵਾਂ ਟੈਸਟ ਹੈ। ਅਜਿਹੇ 'ਚ ਉਹ ਇਸ ਇਤਿਹਾਸਕ ਮੈਚ ਨੂੰ ਹੋਰ ਵੀ ਖਾਸ ਬਣਾਉਣਾ ਚਾਹੇਗਾ। ਵਿਰਾਟ ਕੋਹਲੀ ਆਪਣੇ 100ਵੇਂ ਟੈਸਟ 'ਚ ਕਈ ਵੱਡੇ ਰਿਕਾਰਡ ਬਣਾ ਸਕਦੇ ਹਨ।

 

ਸਿਰਫ 38 ਦੌੜਾਂ ਬਣਾ ਕੇ ਇਸ ਵਿਸ਼ੇਸ਼ ਕਲੱਬ 'ਚ ਸ਼ਾਮਲ ਹੋਣਗੇ ਕੋਹਲੀ 

ਸ਼੍ਰੀਲੰਕਾ ਦੇ ਖਿਲਾਫ ਆਪਣੇ 100ਵੇਂ ਟੈਸਟ ਵਿੱਚ ਸਿਰਫ 38 ਦੌੜਾਂ ਬਣਾ ਕੇ ਵਿਰਾਟ ਕੋਹਲੀ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵਰਿੰਦਰ ਸਹਿਵਾਗ ਅਤੇ ਵੀਵੀਐਸ ਲਕਸ਼ਮਣ ਵਰਗੇ ਮਹਾਨ ਖਿਡਾਰੀਆਂ ਦੇ ਖ਼ਾਸ ਕਲੱਬ ਵਿੱਚ ਸ਼ਾਮਲ ਹੋ ਜਾਣਗੇ। ਦਰਅਸਲ, ਵਿਰਾਟ ਦੇ ਨਾਮ ਟੈਸਟ ਵਿੱਚ 7,962 ਦੌੜਾਂ ਹਨ। ਅਜਿਹੇ 'ਚ ਸ਼੍ਰੀਲੰਕਾ ਖਿਲਾਫ 38 ਦੌੜਾਂ ਬਣਾ ਕੇ ਉਹ ਭਾਰਤ ਲਈ 8000 ਟੈਸਟ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਸ਼ਾਮਲ ਹੋ ਜਾਣਗੇ।

 

 100ਵੇਂ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਸਕਦੇ ਹਨ ਕੋਹਲੀ 

 

ਵਿਰਾਟ ਕੋਹਲੀ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੁਨੀਲ ਗਾਵਸਕਰ, ਵਰਿੰਦਰ ਸਹਿਵਾਗ, ਦਿਲੀਪ ਵੇਂਗਸਰਕਰ, ਵੀਵੀਐਸ ਲਕਸ਼ਮਣ, ਸੌਰਵ ਗਾਂਗੁਲੀ ਅਤੇ ਕਪਿਲ ਦੇਵ ਭਾਰਤ ਲਈ 100 ਜਾਂ ਇਸ ਤੋਂ ਵੱਧ ਟੈਸਟ ਖੇਡ ਚੁੱਕੇ ਹਨ। ਹਾਲਾਂਕਿ ਇਨ੍ਹਾਂ 'ਚੋਂ ਕਿਸੇ ਵੀ ਬੱਲੇਬਾਜ਼ ਨੇ ਆਪਣੇ 100ਵੇਂ ਟੈਸਟ 'ਚ ਸੈਂਕੜਾ ਨਹੀਂ ਲਗਾਇਆ ਹੈ। ਅਜਿਹੇ 'ਚ ਕਿੰਗ ਕੋਹਲੀ ਸ਼੍ਰੀਲੰਕਾ ਖਿਲਾਫ 100ਵੇਂ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਸਕਦੇ ਹਨ।

 

  ਬੰਗਲਾਦੇਸ਼ ਖਿਲਾਫ ਲਗਾਇਆ ਸੀ ਆਖਰੀ ਸੈਂਕੜਾ  


ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ 'ਚ ਆਖਰੀ ਸੈਂਕੜਾ ਬੰਗਲਾਦੇਸ਼ ਖਿਲਾਫ ਲਗਾਇਆ ਸੀ। 2019 ਵਿੱਚ ਉਸਨੇ ਬੰਗਲਾਦੇਸ਼ ਦੇ ਖਿਲਾਫ ਟੈਸਟ ਕ੍ਰਿਕਟ ਦਾ ਆਪਣਾ ਆਖਰੀ ਸੈਂਕੜਾ ਲਗਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਬੱਲੇ ਨੇ ਟੈਸਟ 'ਚ ਸੈਂਕੜਾ ਨਹੀਂ ਲਗਾਇਆ ਹੈ।