Virat Kohli's Record: ਐਤਵਾਰ (10 ਸਤੰਬਰ) ਨੂੰ ਏਸ਼ੀਆ ਕੱਪ ਦੇ ਸੁਪਰ-4 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਮੈਚ ਮੀਂਹ ਕਾਰਨ ਰੋਕ ਦਿੱਤਾ ਗਿਆ ਸੀ। ਹੁਣ ਮੈਚ ਅੱਜ ਯਾਨੀ ਰਿਜ਼ਰਵ ਡੇਅ ਵਾਲੇ ਦਿਨ ਉਸੇ ਥਾਂ ਤੋਂ ਸ਼ੁਰੂ ਕੀਤਾ ਜਾਵੇਗਾ, ਜਿੱਥੇ ਇਹ ਕੱਲ੍ਹ ਰੋਕ ਦਿੱਤਾ ਗਿਆ ਸੀ। ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ 24.1 ਓਵਰ ਖੇਡ ਚੁੱਕੀ ਸੀ। ਭਾਰਤ ਵੱਲੋਂ ਵਿਰਾਟ ਕੋਹਲੀ 8* ਤੇ ਕੇਐਲ ਰਾਹੁਲ 17* ਦੌੜਾਂ ਬਣਾ ਕੇ ਨਾਬਾਦ ਪਰਤੇ। ਅੱਜ ਕਿੰਗ ਕੋਹਲੀ ਵਨਡੇ ਕ੍ਰਿਕਟ 'ਚ ਆਪਣੇ ਨਾਂ ਵੱਡਾ ਰਿਕਾਰਡ ਜ਼ਰੂਰ ਬਣਾਉਣਾ ਚਾਹੁਣਗੇ।
ਅੱਜ ਪਾਕਿਸਤਾਨ ਖਿਲਾਫ ਮੈਚ ਜ਼ਰੀਏ ਵਿਰਾਟ ਕੋਹਲੀ ਵਨਡੇ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਤੇਜ਼ 13,000 ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਸਕਦੇ ਹਨ। ਫਿਲਹਾਲ ਵਨਡੇ 'ਚ ਸਭ ਤੋਂ ਤੇਜ਼ 13,000 ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ। ਉਨ੍ਹਾਂ ਨੇ 321 ਵਨਡੇ ਪਾਰੀਆਂ ਵਿੱਚ ਇਹ ਅੰਕੜਾ ਛੂਹਿਆ। ਜਦਕਿ ਕੋਹਲੀ ਆਪਣੀ 267ਵੀਂ ਵਨਡੇ ਪਾਰੀ 'ਚ ਹੀ ਇਸ ਖਾਸ ਅੰਕੜੇ ਨੂੰ ਛੂਹ ਸਕਦੇ ਹਨ।
ਕੋਹਲੀ ਨੂੰ ਸਿਰਫ਼ 90 ਦੌੜਾਂ ਦੀ ਲੋੜ
ਕੋਹਲੀ ਪਾਕਿਸਤਾਨ ਖਿਲਾਫ ਰੋਕੇ ਗਏ ਮੈਚ 'ਚ 8 ਦੌੜਾਂ 'ਤੇ ਨਾਬਾਦ ਹਨ। ਇਨ੍ਹਾਂ 8 ਦੌੜਾਂ ਨਾਲ ਕੋਹਲੀ ਨੇ ਵਨਡੇ 'ਚ 12910 ਦੌੜਾਂ ਪੂਰੀਆਂ ਕਰ ਲਈਆਂ ਹਨ। ਹੁਣ ਉਨ੍ਹਾਂ ਨੂੰ 13,000 ਦੌੜਾਂ ਦਾ ਅੰਕੜਾ ਪਾਰ ਕਰਨ ਲਈ ਸਿਰਫ਼ 90 ਦੌੜਾਂ ਦੀ ਲੋੜ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੋਹਲੀ ਪਾਕਿਸਤਾਨ ਖਿਲਾਫ ਮੈਚ 'ਚ ਇਤਿਹਾਸ ਰਚ ਸਕਦੇ ਹਨ ਜਾਂ ਨਹੀਂ।
ਦੱਸ ਦਈਏ ਕਿ ਸੁਪਰ-4 ਦੇ ਭਾਰਤ-ਪਾਕਿਸਤਾਨ ਮੈਚ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਤੋਂ ਚੰਗੀ ਸ਼ੁਰੂਆਤ ਦੇਖਣ ਨੂੰ ਮਿਲੀ। ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 100 ਗੇਂਦਾਂ ਵਿੱਚ 121 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਦੋਵਾਂ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਹਾਲਾਂਕਿ ਫਿਰ ਦੋਵੇਂ ਬੱਲੇਬਾਜ਼ਾਂ ਨੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਮੀਂਹ ਤੋਂ ਪਹਿਲਾਂ ਟੀਮ ਇੰਡੀਆ ਨੇ 24.1 ਓਵਰਾਂ 'ਚ 2 ਵਿਕਟਾਂ 'ਤੇ 147 ਦੌੜਾਂ ਬਣਾਈਆਂ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।