India vs Pakistan, Asia Cup 2023: ਏਸ਼ੀਆ ਕੱਪ ਦੇ ਸੁਪਰ-4 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਸੁਪਰ-4 ਮੈਚ 'ਚ ਮੀਂਹ ਕਾਰਨ ਆਖਿਰਕਾਰ ਅੰਪਾਇਰਾਂ ਨੇ ਅੱਜ ਦਾ ਮੈਚ ਰੱਦ ਕਰਨ ਦਾ ਫੈਸਲਾ ਸੁਣਾ ਦਿੱਤਾ। ਹੁਣ ਦੋਵਾਂ ਟੀਮਾਂ ਵਿਚਾਲੇ ਇਹ ਮੈਚ ਰਿਜ਼ਰਵ ਡੇਅ 'ਤੇ ਖੇਡਿਆ ਜਾਵੇਗਾ। ਮੀਂਹ ਕਾਰਨ ਮੈਚ ਰੁਕਣ ਤੱਕ ਭਾਰਤੀ ਟੀਮ ਨੇ 24.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾ ਲਈਆਂ ਸਨ। ਹੁਣ ਰਿਜ਼ਰਵ ਡੇ 'ਤੇ ਇੱਥੋਂ ਖੇਡ ਦੀ ਸ਼ੁਰੂਆਤ ਕੀਤੀ ਜਾਵੇਗੀ।


ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਏਸ਼ੀਅਨ ਕ੍ਰਿਕਟ ਕਾਉਂਸਲ ਨੇ ਰਿਜ਼ਰਵ ਡੇ ਰੱਖਿਆ ਸੀ। ਮੈਚ ਦੌਰਾਨ ਜਦੋਂ ਮੀਂਹ ਸ਼ੁਰੂ ਹੋਇਆ ਤਾਂ ਪੂਰਾ ਮੈਦਾਨ ਕਵਰਸ ਨਾਲ ਢੱਕ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਮੀਂਹ ਰੁਕਿਆ ਤਾਂ ਮੈਦਾਨ ਦੇ ਕੁਝ ਹਿੱਸਿਆਂ ਵਿੱਚ ਪਾਣੀ ਭਰ ਗਿਆ ਸੀ ਜਿੱਥੇ ਮੈਚ ਨਹੀਂ ਖੇਡਿਆ ਜਾ ਸਕਦਾ ਸੀ।


ਇਹ ਵੀ ਪੜ੍ਹੋ: Kings Cup 2023: ਭਾਰਤ ਨੂੰ ਨਿਰਾਸ਼ਾ ਦਾ ਕਰਨਾ ਪਿਆ ਸਾਹਮਣਾ, ਇਰਾਕ ਨੇ ਪੈਨਲਟੀ ਸ਼ੂਟਆਊਟ 'ਚ ਦਿੱਤੀ ਕਰਾਰੀ ਮਾਤ


ਅਜਿਹੇ 'ਚ ਗਰਾਊਂਡ ਸਟਾਫ ਲਗਾਤਾਰ ਉਨ੍ਹਾਂ ਥਾਵਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਫਿਰ ਤੋਂ ਬਾਰਿਸ਼ ਸ਼ੁਰੂ ਹੋਣ ਕਾਰਨ ਅੰਪਾਇਰਾਂ ਨੇ ਅੱਜ ਦੀ ਖੇਡ ਨੂੰ ਰੱਦ ਕਰਕੇ ਮੈਚ ਨੂੰ ਰਿਜ਼ਰਵ ਡੇਅ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ। ਹੁਣ ਇਹ ਮੈਚ 11 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੇ ਮੀਂਹ ਕਾਰਨ ਰੋਕਿਆ ਗਿਆ ਸੀ।


ਭਾਰਤੀ ਟੀਮ ਨੂੰ ਰੋਹਿਤ ਅਤੇ ਗਿੱਲ ਨੇ ਦਿੱਤੀ ਸ਼ਾਨਦਾਰ ਸ਼ੁਰੂਆਤ


ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ 24.1 ਓਵਰ ਤੱਕ ਚੱਲੇ ਇਸ ਮੈਚ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ। ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਓਪਨਿੰਗ ਜੋੜੀ ਨੇ ਪਹਿਲੀ ਵਿਕਟ ਲਈ 121 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇਸ ਮੈਚ ਵਿੱਚ ਰੋਹਿਤ ਨੇ 56 ਦੌੜਾਂ ਬਣਾਈਆਂ ਜਦਕਿ ਗਿੱਲ 58 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ। ਜਦੋਂ ਖੇਡ ਨੂੰ ਰੋਕਿਆ ਗਿਆ ਤਾਂ ਵਿਰਾਟ ਕੋਹਲੀ 8 ਦੌੜਾਂ ਅਤੇ ਲੋਕੇਸ਼ ਰਾਹੁਲ 17 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ। ਪਾਕਿਸਤਾਨ ਲਈ ਹੁਣ ਤੱਕ ਸ਼ਾਦਾਬ ਖਾਨ ਅਤੇ ਸ਼ਾਹੀਨ ਅਫਰੀਦੀ ਨੇ 1-1 ਵਿਕਟ ਲਈ ਹੈ।


ਇਹ ਵੀ ਪੜ੍ਹੋ: Under-16 SAFF Football: U16 ਫੁੱਟਬਾਲ ਟੀਮ ਨੇ ਜਿੱਤਿਆ ਖਿਤਾਬ, ਬੰਗਲਾਦੇਸ਼ ਨੂੰ 2-0 ਨਾਲ ਦਿੱਤੀ ਮਾਤ