Virat Kohli, IND vs BAN: ਭਾਰਤ ਤੇ ਬੰਗਲਾਦੇਸ਼(IND vs BNG) ਵਿਚਾਲੇ ਕਾਨਪੁਰ ਦੇ ਗ੍ਰੀਨ ਪਾਰਕ ਕ੍ਰਿਕਟ ਸਟੇਡੀਅਮ ਵਿੱਚ ਦੂਜਾ ਟੈਸਟ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ (Virat Kohli) ਇਸ ਟੈਸਟ 'ਚ ਇਤਿਹਾਸ ਰਚ ਸਕਦੇ ਹਨ। ਜੇ ਵਿਰਾਟ ਕੋਹਲੀ 35 ਦੌੜਾਂ ਬਣਾਉਣ 'ਚ ਸਫਲ ਹੋ ਜਾਂਦੇ ਹਨ ਤਾਂ ਉਹ ਇਤਿਹਾਸ ਰਚਣਗੇ। ਅਜਿਹਾ ਕਰਕੇ ਵਿਰਾਟ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 27000 ਦੌੜਾਂ ਬਣਾਉਣ ਦਾ ਰਿਕਾਰਡ ਬਣਾ ਲੈਣਗੇ। ਫਿਲਹਾਲ ਇਹ ਰਿਕਾਰਡ ਸਚਿਨ ਤੇਂਦੁਲਕਰ (Sachin Tendulkar )ਦੇ ਨਾਂਅ ਹੈ।



ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਆਪਣੇ ਕਰੀਅਰ ਦੀ 623ਵੀਂ ਪਾਰੀ 'ਚ 27000 ਦੌੜਾਂ ਦੇ ਅੰਕੜੇ ਨੂੰ ਛੂਹ ਲਿਆ ਸੀ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਹੁਣ ਤੱਕ 534 ਅੰਤਰਰਾਸ਼ਟਰੀ ਮੈਚਾਂ ਦੀਆਂ 593 ਪਾਰੀਆਂ ਵਿੱਚ 26965 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਵਿਰਾਟ ਕੋਹਲੀ ਆਪਣੀ 594ਵੀਂ ਪਾਰੀ 'ਚ ਹੀ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਸਕਦੇ ਹਨ। ਇਨ੍ਹਾਂ ਦੋ ਖਿਡਾਰੀਆਂ ਤੋਂ ਇਲਾਵਾ ਇਸ ਸੂਚੀ 'ਚ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ (Kumar Sangakkara) ਅਤੇ ਆਸਟ੍ਰੇਲੀਆ ਦੇ ਰਿੱਕੀ ਪੋਂਟਿੰਗ (Ricky Ponting) ਦਾ ਨਾਂ ਸ਼ਾਮਲ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਦੇ ਨਾਂ 27000 ਅੰਤਰਰਾਸ਼ਟਰੀ ਦੌੜਾਂ ਦਰਜ ਹਨ। ਹੁਣ ਵਿਰਾਟ ਕੋਹਲੀ ਕੋਲ ਵਿਸ਼ੇਸ਼ ਸੂਚੀ ਵਿੱਚ ਸ਼ਾਮਲ ਹੋਣ ਦਾ ਮੌਕਾ ਹੈ।



ਇਸ ਤੋਂ ਪਹਿਲਾਂ ਚੇਨਈ ਟੈਸਟ 'ਚ ਵਿਰਾਟ ਕੋਹਲੀ ਦਾ ਬੱਲਾ ਖਾਮੋਸ਼ ਰਿਹਾ ਸੀ। ਪਹਿਲੀ ਪਾਰੀ 'ਚ ਵਿਰਾਟ ਕੋਹਲੀ 6 ਦੌੜਾਂ ਬਣਾ ਕੇ ਹਸਨ ਮਹਿਮੂਦ ਦਾ ਸ਼ਿਕਾਰ ਬਣੇ। ਜਦੋਂਕਿ ਦੂਜੀ ਪਾਰੀ ਵਿੱਚ ਉਹ ਸਿਰਫ਼ 17 ਦੌੜਾਂ ਬਣਾ ਕੇ ਅੱਗੇ ਵਧੇ। ਇਸ ਤਰ੍ਹਾਂ ਵਿਰਾਟ ਕੋਹਲੀ ਚੇਨਈ ਟੈਸਟ 'ਚ ਸਿਰਫ 23 ਦੌੜਾਂ ਹੀ ਬਣਾ ਸਕੇ। ਜੇ ਵਿਰਾਟ ਕੋਹਲੀ ਦੇ ਟੈਸਟ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਇਸ ਖਿਡਾਰੀ ਨੇ 114 ਟੈਸਟ ਮੈਚਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਟੈਸਟ ਫਾਰਮੈਟ 'ਚ ਵਿਰਾਟ ਕੋਹਲੀ ਦੇ ਨਾਂ 48.74 ਦੀ ਔਸਤ ਨਾਲ 8871 ਦੌੜਾਂ ਹਨ। ਹੁਣ ਤੱਕ ਵਿਰਾਟ ਕੋਹਲੀ ਨੇ ਟੈਸਟ ਮੈਚਾਂ 'ਚ 7 ਦੋਹਰੇ ਸੈਂਕੜੇ ਤੋਂ ਇਲਾਵਾ 29 ਸੈਂਕੜੇ ਲਗਾਏ ਹਨ। ਨਾਲ ਹੀ 30 ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।