MS Dhoni New Avatar : ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦੇ ਨਵੇਂ ਅਵਤਾਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਬੱਸ ਡਰਾਈਵਰ ਤੋਂ ਬਾਅਦ ਧੋਨੀ ਘਰ ਦੇ ਬਜ਼ੁਰਗ ਮੈਂਬਰ ਬਣ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਨੂੰਹ ਨੂੰ ਝੂਠ ਬੋਲਣ ਲਈ ਕਿਹਾ ਹੈ। ਇਸ ਤੋਂ ਬਾਅਦ ਧੋਨੀ ਇਹ ਕਹਿੰਦੇ ਵੀ ਨਜ਼ਰ ਆ ਰਹੇ ਹਨ ਕਿ ਹੁਣ ਅਜਿਹੇ ਬਹਾਨੇ ਚੱਲਦੇ ਹਨ। ਇਸ ਤੋਂ ਪਹਿਲਾਂ ਧੋਨੀ ਬੱਸ ਡਰਾਈਵਰ ਬਣੇ ਸਨ। ਉਨ੍ਹਾਂ ਨੇ ਰਜਨੀਕਾਂਤ ਦੀ ਲੁੱਕ 'ਚ ਡਰਾਈਵਰ ਦੇ ਤੌਰ 'ਤੇ ਬੱਸ ਚਲਾਈ ਸੀ ਤੇ ਆਈਪੀਐੱਲ ਸੁਪਰਓਵਰ ਦੇਖਣ ਲਈ ਬੱਸ ਨੂੰ ਸੜਕ ਵਿਚਕਾਰ ਰੋਕ ਲਿਆ ਸੀ। ਉਨ੍ਹਾਂ ਦਾ ਇਹ ਅਵਤਾਰ ਵੀ ਬਹੁਤ ਮਸ਼ਹੂਰ ਹੋਇਆ ਸੀ।
ਹੁਣ ਧੋਨੀ ਨੂੰ ਘਰ ਦੇ ਬਜ਼ੁਰਗ ਮੈਂਬਰ ਵਜੋਂ ਦੇਖਿਆ ਜਾਂਦਾ ਹੈ। ਜਦੋਂ ਉਨ੍ਹਾਂ ਦੇ ਘਰ ਦਾ ਟੈਲੀਫੋਨ ਵੱਜਦਾ ਹੈ ਤਾਂ ਉਹ ਆਪਣੇ ਪਰਿਵਾਰ ਨਾਲ ਮੈਚ ਦੇਖ ਰਹੇ ਹੁੰਦੇ ਹਨ। ਉਨ੍ਹਾਂ ਦਾ ਬੇਟਾ ਫੋਨ ਚੁੱਕਣ ਲਈ ਅੱਗੇ ਵਧਦਾ ਹੈ, ਪਰ ਧੋਨੀ ਨੇ ਉਸ ਨੂੰ ਰੋਕ ਦਿੱਤਾ ਤੇ ਨੂੰਹ ਨੂੰ ਫੋਨ ਚੁੱਕਣ ਲਈ ਕਿਹਾ। ਜਦੋਂ ਨੂੰਹ ਫੋਨ ਚੁੱਕਦੀ ਹੈ ਤਾਂ ਪਤਾ ਲੱਗਦਾ ਹੈ ਕਿ ਕੋਈ ਧੋਨੀ ਨਾਲ ਗੱਲ ਕਰਨਾ ਚਾਹੁੰਦਾ ਹੈ। ਇਸ 'ਤੇ ਧੋਨੀ ਨੇ ਇਸ਼ਾਰਾ ਕੀਤਾ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਨੂੰਹ ਰੋਣ ਦਾ ਬਹਾਨਾ ਬਣਾ ਕੇ ਝੂਠ ਬੋਲਦੀ ਹੈ ਕਿ ਧੋਨੀ ਨਹੀਂ ਰਹੇ ਤੇ ਫ਼ੋਨ ਬੰਦ ਕਰ ਦਿੱਤਾ।
ਆਈਪੀਐਲ ਦੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਹੋਈ ਵੀਡੀਓ
ਫੋਨ ਕੱਟਣ ਤੋਂ ਬਾਅਦ ਧੋਨੀ ਕਹਿੰਦੇ ਹਨ ਕਿ ਇਹ ਟਾਟਾ ਆਈਪੀਐਲ ਹੈ ਤੇ ਹੁਣ ਅਜਿਹੀ ਬਹਾਨੇਬਾਜ਼ੀ ਆਮ ਹੈ। ਇਸ ਵੀਡੀਓ ਨੂੰ IPL ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲਿਖਿਆ ਗਿਆ ਹੈ ਕਿ ਟਾਟਾ ਆਈਪੀਐਲ ਦੇਖਣ ਲਈ ਕੁਝ ਵੀ ਕਰੇਗਾ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੂੰ ਪੁੱਛਿਆ ਗਿਆ ਹੈ ਕਿ IPL ਸ਼ੁਰੂ ਹੋਣ ਵਾਲਾ ਹੈ, ਤੁਹਾਡੀ ਕੀ ਯੋਜਨਾ ਹੈ?
26 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ IPL-2022
IPL 2022 26 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਾਰ ਵੀ ਧੋਨੀ ਚੇਨਈ ਦੀ ਟੀਮ ਦੀ ਕਪਤਾਨੀ ਕਰਨਗੇ। ਟੂਰਨਾਮੈਂਟ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਜਾਵੇਗਾ। ਬੀਸੀਸੀਆਈ ਨੇ ਸਾਰੇ ਲੀਗ ਮੈਚਾਂ ਦੇ ਪ੍ਰੋਗਰਾਮ ਦਾ ਵੀ ਐਲਾਨ ਕਰ ਦਿੱਤਾ ਹੈ। ਲੀਗ ਦੇ ਸਾਰੇ ਮੈਚ ਮੁੰਬਈ ਅਤੇ ਪੁਣੇ ਦੇ ਚਾਰ ਮੈਦਾਨਾਂ 'ਤੇ ਖੇਡੇ ਜਾਣਗੇ। ਇਸ ਦੇ ਨਾਲ ਹੀ ਪਲੇਆਫ ਮੈਚਾਂ ਦਾ ਸ਼ਡਿਊਲ ਬਾਅਦ 'ਚ ਜਾਰੀ ਕੀਤਾ ਜਾਵੇਗਾ। ਧੋਨੀ ਦੀ ਟੀਮ ਚੇਨਈ ਚਾਰ ਵਾਰ ਇਸ ਟੂਰਨਾਮੈਂਟ ਦੀ ਚੈਂਪੀਅਨ ਬਣ ਚੁੱਕੀ ਹੈ।