ਭਾਰਤੀ ਕ੍ਰਿਕਟ ਟੀਮ ਇਸ ਸਮੇਂ ਇੰਗਲੈਂਡ ਵਿੱਚ ਇੱਕ ਟੈਸਟ ਸੀਰੀਜ਼ ਖੇਡ ਰਹੀ ਹੈ, ਜਿਸ ਦੀ ਕਪਤਾਨੀ ਸ਼ੁਭਮਨ ਗਿੱਲ ਦੇ ਹੱਥ ਵਿੱਚ ਹੈ। ਇਸ ਦੌਰੇ ਤੋਂ ਬਾਅਦ, ਟੀਮ ਇੰਡੀਆ ਵਾਈਟ ਬਾਲ ਕ੍ਰਿਕਟ ਖੇਡੇਗੀ, ਜਿਸ ਲਈ ਟੀਮ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ। ਟੀਮ ਇੰਡੀਆ ਅਗਸਤ ਵਿੱਚ ਬੰਗਲਾਦੇਸ਼ ਦਾ ਦੌਰਾ ਕਰੇਗੀ, 3 ਵਨਡੇ ਅਤੇ ਇੰਨੇ ਹੀ ਟੀ-20 ਮੈਚਾਂ ਦੀ ਸੀਰੀਜ਼ ਹੋਵੇਗੀ। ਇਸ ਦੌਰੇ ਲਈ ਭਾਰਤੀ ਟੀਮ ਦਾ ਕਪਤਾਨ ਬਦਲ ਸਕਦਾ ਹੈ।
ਟੀਮ ਇੰਡੀਆ 17 ਅਗਸਤ ਤੋਂ ਬੰਗਲਾਦੇਸ਼ ਦੌਰੇ 'ਤੇ ਵਨਡੇ ਸੀਰੀਜ਼ ਖੇਡੇਗੀ। ਟੀ-20 ਅਤੇ ਟੈਸਟ ਤੋਂ ਸੰਨਿਆਸ ਲੈ ਚੁੱਕੇ ਰੋਹਿਤ ਸ਼ਰਮਾ ਇਸ ਸਮੇਂ ਵਨਡੇ ਫਾਰਮੈਟ ਵਿੱਚ ਖੇਡਦੇ ਹਨ, ਇਸ ਕਰਕੇ ਉਹ ਇਸ ਸੀਰੀਜ਼ ਵਿੱਚ ਕਪਤਾਨ ਹੋ ਸਕਦੇ ਹਨ। ਇਸ ਤੋਂ ਬਾਅਦ, ਟੀ-20 ਸੀਰੀਜ਼ 26 ਅਗਸਤ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਕਪਤਾਨ ਸੂਰਿਆਕੁਮਾਰ ਯਾਦਵ ਬਾਹਰ ਹੋ ਸਕਦੇ ਹਨ।
ਭਾਰਤੀ ਕ੍ਰਿਕਟ ਟੀਮ ਦੇ ਇਸ ਸਮੇਂ ਤਿੰਨੋਂ ਫਾਰਮੈਟਾਂ ਵਿੱਚ ਵੱਖ-ਵੱਖ ਕਪਤਾਨ ਹਨ। ਟੀ-20 ਦੇ ਕਪਤਾਨ ਸੂਰਿਆਕੁਮਾਰ ਯਾਦਵ ਹਨ, ਪਰ ਬੰਗਲਾਦੇਸ਼ ਵਿਰੁੱਧ ਉਹ ਖੇਡਣਗੇ ਜਾਂ ਨਹੀਂ, ਇਸ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਹੈ। ਦਰਅਸਲ, ਹਾਲ ਹੀ ਵਿੱਚ ਉਨ੍ਹਾਂ ਦਾ ਸਪੋਰਟਸ ਹਰਨੀਆ ਦਾ ਆਪ੍ਰੇਸ਼ਨ ਹੋਇਆ ਹੈ। ਜਿਸ ਤੋਂ ਬਾਅਦ ਉਹ ਆਰਾਮ ਕਰ ਰਹੇ ਹਨ। ਉਨ੍ਹਾਂ ਦਾ ਆਪ੍ਰੇਸ਼ਨ ਜਰਮਨੀ ਵਿੱਚ ਹੋਇਆ ਹੈ। ਇਹ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਹੁਣ ਠੀਕ ਹੋ ਜਾਣਗੇ ਅਤੇ ਜਲਦੀ ਹੀ ਮੈਦਾਨ 'ਚ ਵਾਪਸ ਆਉਣ ਲਈ ਉਤਸੁਕ ਹਨ।
ਹਰਨੀਆ ਦੇ ਆਪ੍ਰੇਸ਼ਨ ਤੋਂ ਬਾਅਦ ਰਿਕਵਰੀ ਲਗਭਗ 8 ਤੋਂ 12 ਹਫ਼ਤਿਆਂ ਵਿੱਚ ਹੁੰਦੀ ਹੈ, ਇਸ ਲਈ ਉਨ੍ਹਾਂ ਲਈ ਬੰਗਲਾਦੇਸ਼ ਦੌਰੇ 'ਤੇ ਜਾਣਾ ਮੁਸ਼ਕਲ ਹੈ। ਕੁਝ ਸਮਾਂ ਪਹਿਲਾਂ, ਦੋਵਾਂ ਦੇਸ਼ਾਂ ਦੇ ਮਾੜੇ ਸਬੰਧਾਂ ਕਾਰਨ ਇਸ ਸੀਰੀਜ਼ ਦਾ ਹੋਣਾ ਪੱਕਾ ਨਹੀਂ ਸੀ, ਪਰ ਰਿਪੋਰਟਾਂ ਦੇ ਅਨੁਸਾਰ, ਬੀਸੀਸੀਆਈ ਅਧਿਕਾਰੀ ਨੇ ਕਿਹਾ ਕਿ ਇਹ ਦੌਰਾ ਹੋ ਸਕਦਾ ਹੈ।
ਇਸ ਦੌਰੇ 'ਤੇ ਟੈਸਟ ਕਪਤਾਨ ਸ਼ੁਭਮਨ ਗਿੱਲ ਨੂੰ ਆਰਾਮ ਦਿੱਤਾ ਜਾ ਸਕਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਉਹ 5 ਮੈਚਾਂ ਦੀ ਟੈਸਟ ਲੜੀ ਖਤਮ ਕਰਕੇ ਘਰ ਪਰਤਣਗੇ। ਅਜਿਹੀ ਸਥਿਤੀ ਵਿੱਚ, ਸੰਭਾਵਨਾ ਹੈ ਕਿ ਅਕਸ਼ਰ ਪਟੇਲ ਜਾਂ ਹਾਰਦਿਕ ਪੰਡਯਾ ਨੂੰ ਕਮਾਨ ਸੌਂਪੀ ਜਾ ਸਕਦੀ ਹੈ।
ਸੂਰਿਆਕੁਮਾਰ ਯਾਦਵ ਨੇ ਆਪਣੇ ਆਪ੍ਰੇਸ਼ਨ ਤੋਂ ਬਾਅਦ ਹਸਪਤਾਲ ਦੀ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਉਹ ਬਿਸਤਰੇ 'ਤੇ ਪਏ ਹਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ, "ਮੇਰੀ ਪੇਟ ਦੇ ਹੇਠਲੇ ਸੱਜੇ ਹਿੱਸੇ ਵਿੱਚ ਸਪੋਰਟਸ ਹਰਨੀਆ ਦੀ ਸਰਜਰੀ ਹੋਈ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਸਰਜਰੀ ਤੋਂ ਬਾਅਦ ਠੀਕ ਹੋ ਰਿਹਾ ਹਾਂ। ਮੈਂ ਕ੍ਰਿਕਟ ਦੇ ਮੈਦਾਨ 'ਤੇ ਵਾਪਸ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ।"