India Squad for T20 World Cup: ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਸ਼ੁਰੂ ਹੋਣ 'ਚ ਹੁਣ 20 ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ। ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਭਾਰਤ ਸਮੇਤ ਸਾਰੇ ਦੇਸ਼ਾਂ ਨੇ ਵੀ ਆਪਣੀਆਂ-ਆਪਣੀਆਂ ਟੀਮਾਂ ਦੀ ਚੋਣ ਕਰ ਲਈ ਹੈ। ਇਸ ਦੌਰਾਨ ਖਬਰ ਹੈ ਕਿ ਭਾਰਤੀ ਟੀਮ 'ਚ ਆਖਰੀ ਸਮੇਂ 'ਚ ਵੱਡਾ ਬਦਲਾਅ ਹੋ ਸਕਦਾ ਹੈ। ਇਹ ਬਦਲਾਅ ਦੀਪਕ ਹੁੱਡਾ ਬਾਰੇ ਹੈ। ਸੱਟ ਕਾਰਨ ਦੀਪਕ ਹੁੱਡਾ ਵੀ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਬਣ ਸਕਣਗੇ।


ਦੀਪਕ ਹੁੱਡਾ ਜ਼ਖਮੀ


ਟੀਮ ਦਾ ਸਪਿਨ ਗੇਂਦਬਾਜ਼ ਆਲਰਾਊਂਡਰ ਦੀਪਕ ਹੁੱਡਾ ਜ਼ਖਮੀ ਹੈ। ਇਸ 27 ਸਾਲਾ ਖਿਡਾਰੀ ਨੂੰ ਏਸ਼ੀਆ ਕੱਪ-2022 'ਚ ਖੇਡਦੇ ਦੇਖਿਆ ਗਿਆ ਸੀ ਪਰ ਉਹ ਪਿੱਠ ਦੀ ਸੱਟ ਕਾਰਨ ਆਸਟ੍ਰੇਲੀਆ ਖਿਲਾਫ਼ ਸੀਰੀਜ਼ 'ਚ ਹਿੱਸਾ ਨਹੀਂ ਲੈ ਸਕਿਆ ਸੀ। ਉਸ ਦਾ ਬੈਂਗਲੁਰੂ ਵਿੱਚ ਸਕੈਨ ਹੋਣਾ ਬਾਕੀ ਹੈ ਜਿਸ ਤੋਂ ਬਾਅਦ ਉਹ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਨੂੰ ਰਿਪੋਰਟ ਕਰੇਗਾ। ਜੇ ICC ਇਜਾਜ਼ਤ ਦਿੰਦਾ ਹੈ ਤਾਂ ਭਾਰਤ 9 ਅਕਤੂਬਰ ਤੱਕ ਟੀਮ 'ਚ ਬਦਲਾਅ ਕਰ ਸਕਦਾ ਹੈ।


ਇਹ ਵੀ ਪੜ੍ਹੋ : Punjab Breaking News LIVE: ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਨੋਟਿਸ, ਭਗਵੰਤ ਮਾਨ ਨੂੰ ਚਰਨਜੀਤ ਚੰਨੀ ਦਾ ਜਵਾਬ, ਟੈਂਕੀ 'ਤੇ ਚੜ੍ਹੀ ਕੇਜਰੀਵਾਲ ਦੀ ਮੂੰਹ ਬੋਲੀ ਭੈਣ, ਨਹੀਂ ਹੋਏਗੀ ਕਿਸਾਨਾਂ ਖਿਲਾਫ ਕੋਈ ਸਖਤੀ


ਸ਼੍ਰੇਅਸ ਅਈਅਰ ਨੂੰ ਮਿਲ ਸਕਦੈ ਮੌਕਾ


ਇਨਸਾਈਡ ਸਪੋਰਟ ਦੀ ਇਕ ਰਿਪੋਰਟ 'ਚ ਬੀਸੀਸੀਆਈ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਦੀਪਕ ਹੁੱਡਾ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਟੀ-20 ਵਿਸ਼ਵ ਕੱਪ 'ਚ ਮੌਕਾ ਮਿਲ ਸਕਦਾ ਹੈ। ਅਧਿਕਾਰੀ ਨੇ ਕਿਹਾ, 'ਦੀਪਕ ਦੀ ਪਿੱਠ 'ਤੇ ਸੱਟ ਲੱਗੀ ਹੈ। ਉਹ ਬੈਂਗਲੁਰੂ ਵਿੱਚ ਸਕੈਨ ਕਰੇਗਾ ਅਤੇ NCA ਨੂੰ ਰਿਪੋਰਟ ਕਰੇਗਾ। ਜਿੱਥੋਂ ਤੱਕ ਮੈਨੂੰ ਪਤਾ ਹੈ, ਇਹ ਸੱਟ ਗੰਭੀਰ ਨਹੀਂ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਸਪੱਸ਼ਟ ਹੋਵੇਗਾ। ਸ਼੍ਰੇਅਸ ਪਹਿਲਾਂ ਹੀ ਬੈਕਅੱਪ ਹੈ ਅਤੇ ਤ੍ਰਿਵੇਂਦਰਮ ਵਿੱਚ ਟੀਮ ਵਿੱਚ ਸ਼ਾਮਲ ਹੋ ਗਿਆ ਹੈ। ਜੇਕਰ ਲੋੜ ਪਈ ਤਾਂ ਵਿਸ਼ਵ ਕੱਪ ਲਈ ਆ ਸਕਦੇ ਹਨ।


ਇਸ ਸਾਲ ਕੀਤਾ ਡੈਬਿਊ 


ਬੜੌਦਾ ਲਈ ਘਰੇਲੂ ਕ੍ਰਿਕਟ ਖੇਡਣ ਵਾਲੇ ਦੀਪਕ ਹੁੱਡਾ ਭਾਰਤ ਦੀ 15 ਮੈਂਬਰੀ ਮੁੱਖ ਟੀਮ ਦਾ ਹਿੱਸਾ ਹਨ। ਉਹ ਏਸ਼ੀਆ ਕੱਪ ਵੀ ਖੇਡਿਆ ਸੀ। ਹਾਲਾਂਕਿ ਉਸ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਦੀਪਕ ਨੇ ਇਸ ਸਾਲ ਵਨਡੇ ਅਤੇ ਟੀ-20 ਫਾਰਮੈਟਾਂ ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਉਸ ਨੇ ਹੁਣ ਤੱਕ ਅੱਠ ਵਨਡੇ ਅਤੇ 12 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਸ ਨੇ ਟੀ-20 'ਚ ਵੀ ਸੈਂਕੜਾ ਲਾਇਆ ਹੈ।