India vs New Zealand, Final: ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ਮੁਕਾਬਲੇ ਲਈ ਭਾਰਤੀ ਟੀਮ ਨੇ ਆਪਣੀ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ। ਕਪਤਾਨ ਕੋਹਲੀ ਨੇ ਮੈਚ ਤੋਂ ਇਕ ਦਿਨ ਪਹਿਲਾਂ ਹੀ ਫਾਇਨਲ ਮੁਕਾਬਲੇ 'ਚ ਹਿੱਸਾ ਲੈਣ ਵਾਲੇ 11 ਖਿਡਾਰੀਆਂ ਦਾ ਐਲਾਨ ਕਰ ਦਿੱਤਾ। ਖਿਤਾਬੀ ਮੁਕਾਬਲੇ 'ਚ ਭਾਰਤ ਨੇ ਤਿੰਨ ਤੇਜ਼ ਗੇਂਦਬਾਜ਼ ਤੇ ਦੋ ਸਪਿਨਰਸ ਦੇ ਨਾਲ ਉੱਤਰਨ ਦਾ ਫੈਸਲਾ ਕੀਤਾ।


ਰੋਹਿਤ ਤੇ ਗਿੱਲ ਕਰਨਗੇ ਓਪਨਿੰਗ


ਨਿਊਜ਼ੀਲੈਂਡ ਦੇ ਖਿਲਾਫ ਇਸ ਇਤਿਹਾਸਕ ਮੁਕਾਬਲੇ 'ਚ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਪਾਰੀ ਦਾ ਆਗਾਜ਼ ਕਰਨਗੇ। ਗਿੱਲ ਨੇ ਪਿਛਲੇ ਸਾਲ ਆਸਟਰੇਲੀਆ ਦੌਰੇ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਗਾਬਾ 'ਚ 91 ਦੌੜਾਂ ਦੀ ਮੈਚ ਵਿਨਿੰਗ ਪਾਰੀ ਖੇਡੀ ਸੀ। ਇਸ ਤੋਂ ਬਾਅਦ ਤੋਂ ਹੀ ਉਹ ਲਗਾਤਾਰ ਟੈਸਟ ਟੀਮ ਦਾ ਹਿੱਸਾ ਹਨ।


ਉੱਥੇ ਹੀ ਰਿਸ਼ਭ ਪੰਤ ਵੀ ਫਾਇਨਲ ਮੁਕਾਬਲੇ 'ਚ ਪੇਇੰਗ ਇਲੈਵਨ 'ਚ ਥਾਂ ਬਣਾਉਣ 'ਚ ਕਾਮਯਾਬ ਰਹੇ। ਪੰਤ ਨੇ ਪਹਿਲਾਂ ਆਸਟਰੇਲੀਆ 'ਚ ਕੰਗਾਰੂਆਂ ਖਿਲਾਫ ਤੇ ਫਿਰ ਘਰ 'ਚ ਇੰਗਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੀ ਮੌਜੂਦਾ ਫੌਰਮ ਨੂੰ ਦੇਖਦਿਆਂ ਕੋਹਲੀ ਨੇ ਉਨ੍ਹਾਂ 'ਤੇ ਵਿਸ਼ਵਾਸ ਦਿਖਾਇਆ ਹੈ।


ਦੋ ਸਪਿਨਰਸ ਨੂੰ ਮਿਲਿਆ ਮੌਕਾ


ਸਾਊਥੈਂਪਟਨ ਦੀ ਹਰੀ ਪਿੱਚ 'ਤੇ ਕਪਤਾਨ ਵਿਰਾਟ ਕੋਹਲੀ ਨੇ ਦੋ ਸਪਿਨਰਸ ਦੇ ਨਾਲ ਉੱਤਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਰਵਿੰਦਰ ਜਡੇਜਾ ਤੇ ਆਰ ਅਸ਼ਵਿਨ ਨੂੰ ਅੰਤਿਮ 'ਚ ਸ਼ਾਮਲ ਕੀਤਾ ਹੈ। ਉੱਥੇ ਹੀ ਤੇਜ਼ ਗੇਂਦਬਾਜ਼ੀ 'ਚ ਉਹ ਤਜ਼ਰਬੇ ਦੇ ਨਾਲ ਗਏ ਹਨ। ਇਸ਼ਾਂਤ ਸ਼ਰਮਾ, ਮੋਹੰਮਦ ਸ਼ਮੀ ਤੇ ਜਸਪ੍ਰੀਤ ਬੁਮਰਾਹ ਦੀ ਤਿੱਕੜੀ ਫਾਇਨਲ 'ਚ ਧਮਾਲ ਮਚਾਏਗੀ।


ਫਾਇਨਲ ਮੁਕਾਬਲੇ ਲਈ ਭਾਰਤੀ ਟੀਮ- ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ ਕਪਤਾਨ, ਅਜਿੰਕਯ ਰਹਾਣੇ, ਰਿਸ਼ਭ ਪੰਤ (ਵਿਕੇਟਕੀਪਰ), ਰਵਿੰਦਰ ਜਡੇਜਾ ਤੇ ਆਰ ਅਸ਼ਵਿਨ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਤੇ ਮੋਹੰਮਦ ਸ਼ਮੀ।