WTC Final: ਓਵਲ ਵਿੱਚ ਚੱਲ ਰਹੇ ਡਬਲਯੂਟੀਸੀ ਫਾਈਨਲ ਦੀ ਦੂਜੀ ਪਾਰੀ ਵਿੱਚ ਸ਼ੁਭਮਨ ਗਿੱਲ ਨੂੰ ਤੀਜੇ ਅੰਪਾਇਰ ਦੇ ਖਰਾਬ ਫੈਸਲੇ ਦਾ ਸ਼ਿਕਾਰ ਹੋਣਾ ਪਿਆ। ਸਕਾਟ ਬੋਲੈਂਡ ਦੀ ਗੇਂਦਬਾਜ਼ੀ 'ਤੇ 8ਵੇਂ ਓਵਰ 'ਚ ਜਦੋਂ ਗਿੱਲ 18 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸੀ ਤਾਂ ਗੇਂਦ ਉਸ ਦੇ ਬੱਲੇ ਦੇ ਬਾਹਰਲੇ ਕਿਨਾਰੇ 'ਤੇ ਲੱਗਣ ਕਰਕੇ ਉਛਾਲ ਲੈ ਕੇ ਗਲੀ ਵੱਲ ਗਈ।
ਇਸ ਤੋਂ ਬਾਅਦ ਕੈਮਰੂਨ ਗ੍ਰੀਨ ਨੇ ਉਹ ਕੈਚ ਫੜ ਲਿਆ ਪਰ ਰੀਪਲੇਅ 'ਚ ਉਹ ਗੇਂਦ ਜ਼ਮੀਨ ਨੂੰ ਛੂਹਦੀ ਨਜ਼ਰ ਆਈ। ਫੀਲਡ ਅੰਪਾਇਰ ਨੇ ਫੈਸਲਾ ਥਰਡ ਅੰਪਾਇਰ ਰਿਚਰਡ ਕੈਟਲਬੋਰੋ ਕੋਲ ਭੇਜ ਦਿੱਤਾ, ਪਰ ਉਸ ਨੇ ਵੀ ਬਿਨਾਂ ਜ਼ੂਮ ਐਂਗਲ ਦੇ ਇਸ ਨੂੰ ਧਿਆਨ ਨਾਲ ਦੇਖਿਆ ਤੇ ਆਊਟ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋ ਰਿਹਾ ਹੈ।
ਸ਼ੁਭਮਨ ਗਿੱਲ ਦੀ ਵਿਕਟ ਲੈਣ ਤੋਂ ਬਾਅਦ ਜਦੋਂ ਕੈਮਰੂਨ ਗ੍ਰੀਨ ਗੇਂਦਬਾਜ਼ੀ ਕਰਨ ਆਇਆ ਤਾਂ ਮੈਦਾਨ 'ਤੇ ਕਾਫੀ ਨਾਅਰੇਬਾਜ਼ੀ ਤੇ ਹੰਗਾਮਾ ਹੋਇਆ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਤੇ ਮੁੰਬਈ ਇੰਡੀਅਨਜ਼ ਦੇ ਇਸ ਖਿਡਾਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਾਅਰੇਬਾਜ਼ੀ ਵਿੱਚ, ਇਹ ਨਾਅਰੇ ਸਾਫ਼ ਸੁਣਾਈ ਦਿੰਦੇ ਹਨ ਕਿ, ਗਲੀ ਗਲੀ ਵਿੱਚ ਸ਼ੋਰ ਹੈ, ਕੈਮਰਨ ਗ੍ਰੀਨ--- ਹੈ। ਇਸ ਤੋਂ ਇਲਾਵਾ ਟਵਿੱਟਰ 'ਤੇ ਚੀਟਰ ਵਰਗੇ ਸ਼ਬਦ ਵੀ ਟ੍ਰੈਂਡ ਕਰ ਰਹੇ ਹਨ। ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਰਿੰਦਰ ਸਹਿਵਾਗ ਨੇ ਵੀ ਟਵਿੱਟਰ 'ਤੇ ਅੱਖਾਂ 'ਤੇ ਪੱਟੀ ਬੰਨ੍ਹੇ ਹੋਣ ਦੀ ਤਸਵੀਰ ਸ਼ੇਅਰ ਕਰਦੇ ਹੋਏ ਅੰਪਾਇਰ ਨੂੰ ਨਿਸ਼ਾਨਾ ਬਣਾਇਆ ਹੈ। ਜਦੋਂ ਕਿ ਜਸਟਿਨ ਲੈਂਗਰ, ਰਿਕੀ ਪੋਂਟਿੰਗ ਵਰਗੇ ਆਸਟ੍ਰੇਲੀਆ ਦੇ ਕ੍ਰਿਕਟ ਪੰਡਿਤ ਸਾਰੇ ਥਰਡ ਅੰਪਾਇਰ ਦਾ ਸਮਰਥਨ ਕਰ ਰਹੇ ਹਨ।
ਇੰਨਾ ਹੀ ਨਹੀਂ ਸ਼ੁਭਮਨ ਗਿੱਲ ਨੇ ਵੀ ਇਸ ਵਿਕਟ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਉਸ ਨੇ ਇੰਸਟਾਗ੍ਰਾਮ ਸਟੋਰੀ ਤੇ ਟਵਿਟਰ 'ਤੇ ਗ੍ਰੀਨ ਦੇ ਕੈਚ ਦੀ ਤਸਵੀਰ ਸ਼ੇਅਰ ਕਰਕੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ।
ਦੂਜੇ ਪਾਸੇ ਜਦੋਂ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਗ੍ਰੀਨ ਤੋਂ ਇਸ ਬਾਰੇ 'ਚ ਸਵਾਲ ਕੀਤਾ ਗਿਆ ਤਾਂ ਉਸ ਨੇ ਸਾਫ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਕਲੀਨ ਕੈਚ ਸੀ। ਮੈਂ ਇਸ ਨੂੰ ਤੀਜੇ ਅੰਪਾਇਰ 'ਤੇ ਛੱਡ ਦਿੱਤਾ ਸੀ ਤੇ ਬਾਅਦ 'ਚ ਉਹ ਵੀ ਇਸ ਦੇ ਪੱਖ 'ਚ ਪੇਸ਼ ਹੋਏ।
ਜੇਕਰ ਨਿਯਮਾਂ ਦੀ ਗੱਲ ਕਰੀਏ ਤਾਂ ਆਈਸੀਸੀ ਨੇ ਹਾਲ ਹੀ 'ਚ ਸਾਫਟ ਸਿਗਨਲ ਨੂੰ ਹਟਾ ਦਿੱਤਾ ਸੀ ਤੇ ਉਸ ਤੋਂ ਬਾਅਦ ਜਦੋਂ ਤੱਕ ਅਜਿਹੇ ਫੈਸਲਿਆਂ 'ਚ ਉਂਗਲੀ ਜਾਂ ਹੱਥ ਗੇਂਦ ਦੇ ਹੇਠਾਂ ਹੋਣ ਵਰਗਾ ਕੋਈ ਠੋਸ ਸਬੂਤ ਸਾਬਤ ਨਹੀਂ ਹੋ ਜਾਂਦਾ, ਤਦ ਤੱਕ ਫੈਸਲਾ ਸ਼ੱਕ ਦੇ ਘੇਰੇ 'ਚ ਬੱਲੇਬਾਜ਼ ਦਾ ਪੱਖ ਜਾਂਦਾ ਹੈ ਪਰ ਰਿਚਰਡ ਕੈਟਲਬੋਰੋ ਸ਼ਾਇਦ ਕਾਹਲੀ ਵਿੱਚ ਸੀ ਤੇ ਇਸ ਦੀ ਜਾਂਚ ਕਰਨ ਲਈ ਜ਼ੂਮ ਵੀ ਨਹੀਂ ਕੀਤਾ।