ਕੋਹਲੀ ਆਸਰੇ ਬਚੀ ਭਾਰਤ ਦੀ ਇੱਜ਼ਤ
ਏਬੀਪੀ ਸਾਂਝਾ | 03 Aug 2018 09:51 AM (IST)
ਬਰਮਿੰਘਮ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਸਰੇ ਬਰਮਿੰਘਮ ਟੈਸਟ ਦੇ ਦੂਜੇ ਦਿਨ ਭਾਰਤੀ ਟੀਮ ਅਜੇ ਵੀ ਮੈਚ ਵਿੱਚ ਇੰਗਲੈਂਡ ਨੂੰ ਟੱਕਰ ਦੇ ਰਹੀ ਹੈ। ਕਪਤਾਨ ਕੋਹਲੀ ਨੇ ਭਾਰਤ ਲਈ 149 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇੱਕ ਪਾਸੇ ਭਾਰਤੀ ਟੀਮ ਦੇ ਖਿਡਾਰੀ ਤਾਸ਼ ਦੀ ਢੇਰੀ ਵਾਂਗ ਢਹਿ ਰਹੇ ਸਨ ਤੇ ਦੂਜੇ ਪਾਸੇ ਵਿਰਾਟ ਕੋਹਲੀ ਨੇ ਇਕੱਲਿਆਂ ਹੀ ਇੱਕ ਪਾਸਾ ਸੰਭਾਲਿਆ ਹੋਇਆ ਸੀ। ਵਿਰਾਟ ਦੀ ਪਾਰੀ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਭਾਰਤੀ ਟੀਮ ਦੇ ਸਿਰਫ 3 ਹੋਰ ਬੱਲੇਬਾਜ਼ 20 ਦੌੜਾਂ ਦਾ ਅੰਕੜਾ ਪਾਰ ਕਰ ਸਕੇ, ਤੇ ਟੀਮ ਦਾ ਹੋਰ ਕੋਈ ਵੀ ਬੱਲੇਬਾਜ਼ 30 ਦੌੜਾਂ ਦਾ ਅੰਕੜੇ ਤਕ ਨਹੀਂ ਪਹੁੰਚ ਸਕਿਆ। ਹਾਲਾਂਕਿ ਮੁਰਲੀ ਵਿਜੈ ਤੇ ਸ਼ਿਖਰ ਧਵਨ ਨੇ ਭਾਰਤੀ ਟੀਮ ਨੂੰ ਸੰਭਲੀ ਹੋਈ ਸ਼ੁਰੂਆਤ ਦਿੱਤੀ, ਤੇ ਦੋਵਾਂ ਨੇ ਮਿਲ ਕੇ ਪਹਿਲੀ ਵਿਕਟ ਲਈ 50 ਦੌੜਾਂ ਜੋੜੀਆਂ। ਪਰ ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ। ਇੱਕ ਸਮੇਂ ਭਾਰਤੀ ਟੀਮ 100 ਦੌੜਾਂ ’ਤੇ 5 ਵਿਕਟ ਗਵਾ ਚੁੱਕੀ ਸੀ। ਵਿਰਾਟ ਕੋਹਲੀ ਨੇ 225 ਗੇਂਦਾਂ ’ਤੇ 149 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਵਿਰਾਟ ਨੇ 22 ਚੌਕੇ ਤੇ 1 ਛੱਕਾ ਜੜ੍ਹਿਆ। ਕੋਹਲੀ ਦੀ ਪਾਰੀ ਆਸਰੇ ਭਾਰਤੀ ਟੀਮ ਪਹਿਲੀ ਪਾਰੀ ਵਿੱਚ 274 ਦੌੜਾਂ ਦਾ ਸਕੋਰ ਖੜਾ ਕਰਨ ਵਿੱਚ ਕਾਮਯਾਬ ਰਹੀ। ਇੰਗਲੈਂਡ ਲਈ ਕੁਰਨ ਨੇ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਸਟੋਕਸ, ਰਾਸ਼ਿਦ ਤੇ ਐਂਡਰਸਨ ਨੇ 2-2 ਵਿਕਟਾਂ ਲਈਆਂ। ਇਸਤੋਂ ਪਹਿਲਾਂ ਦੂਜੇ ਦਿਨ ਦੀ ਖੇਡ ਦੌਰਾਨ ਇੰਗਲੈਂਡ ਦੀ ਟੀਮ ਨੇ 9 ਵਿਕਟਾਂ ’ਤੇ 287 ਦੌੜਾਂ ਤੋਂ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਸੀ, ਪਰ ਟੀਮ ਬਿਨ੍ਹਾਂ ਸਕੋਰ, 287 ਦੌੜਾਂ ’ਤੇ ਹੀ ਆਲ ਆਊਟ ਹੋ ਗਈ। ਆਪਣੀ ਦੂਜੀ ਪਾਰੀ ਵਿੱਚ ਇੰਗਲੈਂਡ ਨੇ ਦਿਨ ਦੀ ਖੇਡ ਖਤਮ ਹੋਣ ਤਕ ਇੱਕ ਵਿਕਟ ਗਵਾ ਕੇ 9 ਦੌੜਾਂ ਬਣਾਈਆਂ ਸਨ।