ਅੰਮ੍ਰਿਤਸਰ: ਭਗਤ ਪੂਰਨ ਸਿੰਘ ਦੀ 26ਵੀਂ ਬਰਸੀ ਮੌਕੇ ਕਿਰਤੀ ਤੇ ਸੱਭਿਆਚਾਰਕ ਪੰਜ ਰੋਜ਼ਾ ਮੇਲਾ ਅੱਜ ਸੰਪੰਨ ਹੋ ਗਿਆ ਹੈ। ਮੇਲੇ ਵਿੱਚ ਪਿੰਗਲਵਾੜਾ ਦੇ ਸਪੈਸ਼ਲ ਚਿਲਡ੍ਰਨਜ਼ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਨਾ ਸਿਰਫ਼ ਲੋਕਾਂ ਦਾ ਮਨ ਮੋਹਿਆ, ਸਗੋਂ ਆਪਣੇ ਆਪ ਨੂੰ ਅਸਲ ਵਿੱਚ ਵਿਸ਼ੇਸ਼ ਬੱਚੇ ਸਾਬਤ ਕਰ ਦਿੱਤਾ। ਅੰਮ੍ਰਿਤਸਰ ਦੇ ਕ੍ਰਿਸਟਲ ਚੌਕ ਨੇੜੇ ਅਰਬਨ ਹਾਟ ਵਿਖੇ ਇਸ ਮੇਲੇ 'ਚ ਵਿਸ਼ੇਸ਼ ਤੌਰ 'ਤੇ ਨੈਸ਼ਨਲ ਬੁੱਕ ਟਰੱਸਟ (ਐਨਬੀਟੀ) ਵੱਲੋਂ ਪਿੰਗਲਵਾੜੇ ਦੇ ਬੱਚਿਆਂ ਲਈ ਪ੍ਰੋਗਰਾਮ ਉਲੀਕੇ ਗਏ ਸਨ। ਇਸ ਤੋਂ ਇਲਾਵਾ ਟਰੱਸਟ ਵੱਲੋਂ ਪੰਜ ਦਿਨਾਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ।
ਇਸ ਪੰਜ ਦਿਨਾਂ ਮੇਲੇ 'ਚ ਪਿੰਗਲਵਾੜਾ ਦੇ ਬੱਚਿਆਂ ਵੱਲੋਂ ਹੱਥੀਂ ਬਣਾਈਆਂ ਵੱਖ-ਵੱਖ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਤੋਂ ਇਲਾਵਾ ਇਸ ਮੇਲੇ 'ਚ ਪੰਜਾਬ ਦੇ ਸ਼ਹਿਰ ਜੰਡਿਆਲਾ ਗੁਰੂ ਤੋਂ ਪਿੱਤਲ ਤੇ ਤਾਂਬੇ ਦੇ ਭਾਂਡੇ ਲੈ ਕੇ ਪੁੱਜੇ ਕਾਰੀਗਰਾਂ ਕੋਲੋਂ ਵੱਡੀ ਗਿਣਤੀ 'ਚ ਲੋਕਾਂ ਨੇ ਖਰੀਦ ਕੀਤੀ। ਜੈਪੁਰ ਦੇ ਲਾਖ ਦੇ ਬਣੇ ਕੰਗਣ ਅਤੇ ਗੁਜਰਾਤ ਦੇ ਹੱਥ ਨਾਲ ਕਢਾਈ ਕੀਤੇ ਪਰਸ ਅਤੇ ਥੈਲੇ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਕੁਦਰਤੀ ਖੇਤੀ ਰਾਹੀਂ ਪੈਦਾ ਕੀਤੀਆਂ ਦਾਲ-ਸਬਜ਼ੀਆਂ ਤੇ ਹਲਦੀ ਦੀਆਂ ਸਟਾਲਾਂ ਤੇ ਵੀ ਖਰੀਦਦਾਰਾਂ ਦੀ ਬਹੁਤਾਤ ਰਹੀ
31 ਜੁਲਾਈ ਨੂੰ ਨੈਸ਼ਨਲ ਬੁੱਕ ਟਰੱਸਟ ਵੱਲੋਂ ਬਾਲ ਸਾਹਿਤ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਐਨਬੀਟੀ ਦੀ ਪੰਜਾਬੀ ਸੈਕਸ਼ਨ ਦੀ ਐਡੀਟਰ ਨਵਜੋਤ ਕੌਰ ਨੇ ਅਜੋਕੇ ਦੌਰ 'ਚ ਬਾਲ ਸਮੱਸਿਆਵਾਂ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਬਾਲ ਸਾਹਿਤ ਦੀ ਲੋੜ ਕਿਉਂ ਹੈ। ਇਸ ਮੌਕੇ ਨੈਸ਼ਨਲ ਬੁੱਕ ਟਰੱਸਟ ਦੇ ਅੰਗਰੇਜ਼ੀ ਸੈਕਸ਼ਨ ਦੇ ਐਡੀਟਰ ਤੇ ਐਨਸੀਸੀਐਲ ਦੇ ਇੰਚਾਰਜ ਦਿਵਜਿੰਦਰ ਵੀ ਹਾਜ਼ਰ ਸਨ।
ਉੱਘੇ ਬਾਲ ਲੇਖਕ ਗੁਰਚਰਨ ਨੂਰਪੁਰੀ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਦੱਸਿਆ ਕਿ ਅੱਜ ਦੇ ਦੌਰ 'ਚ ਬਾਲ ਸਾਹਿਤ ਦੇ ਲੇਖਕਾਂ ਅੱਗੇ ਹੋਰ ਵੀ ਚੁਣੌਤੀਆਂ ਹਨ ਕਿ ਉਨ੍ਹਾਂ ਨੂੰ ਬੱਚਿਆਂ ਦੇ ਹਾਣ ਦਾ ਹੋ ਕੇ ਲਿਖਣਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਖ਼ਬਾਰਾਂ ਦਾ ਸੰਪਾਦਕੀ ਪੰਨਾ ਪੜ੍ਹਨਾ ਉਨ੍ਹਾਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਸ 'ਚ ਵੱਖ ਵੱਖ ਲੇਖਕਾਂ, ਵਿਦਵਾਨਾਂ ਦੇ ਵਿਚਾਰ ਹੁੰਦੇ ਹਨ।
ਪਿੰਗਲਵਾੜਾ ਟਰੱਸਟ ਦੇ ਮੁਖੀ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਅਸੀਂ ਇਕੱਲਾ ਬੱਚਿਆਂ ਨੂੰ ਹੀ ਕਸੂਰਵਾਰ ਨਹੀਂ ਠਹਿਰਾ ਸਕਦੇ ਸਾਨੂੰ ਵੱਡਿਆਂ ਨੂੰ ਵੀ ਨਸੀਹਤ ਦੇਣ ਦੀ ਲੋੜ ਹੈ, ਕਿਉਂਕਿ ਬੱਚੇ ਜੋ ਦੇਖਦੇ ਹਨ ਉਹੀ ਸਿੱਖਦੇ ਹਨ। ਉਨ੍ਹਾਂ ਭਗਤ ਪੂਰਨ ਸਿੰਘ ਨੂੰ ਯਾਦ ਕਰਦਿਆਂ ਸਮੁੱਚੀ ਦੁਨੀਆਂ ਨੂੰ ਆਪਸੀ ਸਾਂਝ ਤੇ ਕਿਰਤ ਕਰਨ ਦਾ ਸੰਦੇਸ਼ ਦਿੱਤਾ।
ਰਮਨਦੀਪ ਕੌਰ ਨੇ ਬਾਲ ਸਾਹਿਤ ਵਿਸ਼ੇ 'ਤੇ ਬੋਲਦਿਆਂ ਕਿਹਾ ਕਿ ਅਜੋਕੇ ਦੌਰ ਚ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਹੋਰ ਵੀ ਲਾਜ਼ਮੀ ਹੋ ਜਾਂਦਾ ਹੈ ਕਿਉਂਕਿ ਮੁਕਾਬਲੇ ਦੇ ਯੁੱਗ 'ਚ ਨੌਕਰੀਪੇਸ਼ਾ ਮਾਪਿਆਂ ਕੋਲ ਏਨਾ ਸਮਾਂ ਨਹੀਂ ਕਿ ਉਹ ਆਪਣੇ ਬੱਚਿਆਂ ਨਾਲ ਬਿਤਾ ਸਕਣ। ਸੋ ਇਕੱਲਤਾ ਤੋਂ ਬਚਾਉਣ ਲਈ ਬੱਚਿਆਂ 'ਚ ਸਾਹਿਤ ਦੀ ਰੁਚੀ ਪੈਦਾ ਕਰਨੀ ਜ਼ਰੂਰੀ ਹੈ।
ਇਸ ਤੋਂ ਇਲਾਵਾ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਈ ਵੀਰ ਸਿੰਘ ਚੇਅਰ ਦੇ ਮੁਖੀ ਨੇ ਬਾਲ ਸਾਹਿਤ 'ਤੇ ਆਪਣੇ ਵਿਚਾਰ ਰੱਖੇ। ਸ਼ਾਮ ਵੇਲੇ ਪਿੰਗਲਵਾੜਾ ਦੇ ਸਪੈਸ਼ਲ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।
ਇਕ ਅਗਸਤ ਨੂੰ ਨੈਸ਼ਨਲ ਬੁੱਕ ਟਰਸਟ ਦੇ ਸਹਿਯੋਗ ਨਾਲ ਪਿੰਗਲਵਾੜਾ ਦੇ ਬੱਚਿਆਂ ਲਈ ਬਾਲ ਸਭਾ ਰੱਖੀ ਗਈ। ਇਸ 'ਚ ਬੱਚਿਆਂ ਨੇ ਗੀਤ, ਕਵਿਤਾਵਾਂ, ਕਹਾਣੀਆਂ ਸੁਣਾਈਆਂ। ਬੱਚੀਆਂ ਵੱਲੋਂ ਕਿਰਤ ਕਰੋ ਦਾ ਸੰਦੇਸ਼ ਦਿੰਦਾ ਨਾਟਕ ਵੀ ਖੇਡਿਆ ਗਿਆ।
।