ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਖੁਲਾਸਿਆਂ 'ਤੇ ਕਾਰਵਾਈ ਨਾ ਕਰਨ 'ਤੇ ਕਿਹਾ ਕਿ ਉਹ ਮੂੰਹ 'ਤੇ ਢੱਕਣ ਲਾ ਕੇ ਨਹੀਂ ਬੈਠ ਸਕਦੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਨੂੰ ਚੁੱਪ ਰਹਿਣ ਵਾਸਤੇ ਨਹੀਂ ਚੁਣਿਆ। ਇਸ ਤੋਂ ਇਲਾਵਾ ਸਿੱਧੂ ਨੇ ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਸੱਦੇ ਜਾਣ ਨੂੰ ਮਾਣ ਵਾਲੀ ਗੱਲ ਦੱਸਿਆ।

ਸਿੱਧੂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਪਾਲਿਸੀ ਨੂੰ ਡਸਟਬਿਨ ਵਿੱਚ ਨਹੀਂ ਸੁੱਟਿਆ ਬਲਕਿ ਉਨ੍ਹਾਂ ਕਿਹਾ ਹੈ ਕਿ ਲਾਗੂ ਕਰਨ ਵਿੱਚ ਛੇ-ਸੱਤ ਮਹੀਨੇ ਲੱਗ ਜਾਣਗੇ। ਸਿੱਧੂ ਨੇ ਮੁੱਖ ਮੰਤਰੀ ਨੂੰ ਮਾਈਨਿੰਗ ਨੀਤੀ ਤਿਆਰ ਕਰਕੇ ਦਿੱਤੀ ਸੀ, ਜਿਸ ਨੂੰ ਲਾਗੂ ਨਹੀਂ ਕੀਤਾ ਗਿਆ।

ਉਨ੍ਹਾਂ ਨਸ਼ੇ 'ਤੇ ਬਣੀ ਰਿਪੋਰਟ ਬਾਰੇ ਕਿਹਾ ਕਿ ਇਮਾਨਦਾਰ ਅਫ਼ਸਰ ਨੇ ਨਸ਼ੇ 'ਤੇ ਰਿਪੋਰਟ ਤਿਆਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਲੋਕਾਂ ਵਿਰੁੱਧ ਸਬੂਤ ਨੇ ਜਿਨ੍ਹਾਂ ਵਿਰੁੱਧ ਸਾਰਾ ਪੰਜਾਬ ਕਾਰਵਾਈ ਚਾਹੁੰਦਾ ਹੈ। ਸਿੱਧੂ ਨੇ ਕਿਹਾ ਕਿ ਮੇਰੀ ਆਪਣੀ ਵਿਚਾਰਧਾਰਾ ਹੈ ਤੇ ਮੁੱਖ ਮੰਤਰੀ ਦੀ ਆਪਣੀ ਤੇ ਉਹ ਉਸ ਮੁਤਾਬਕ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।

ਕੈਬਨਿਟ ਮੰਤਰੀ ਨੇ ਕ੍ਰਿਕਟਰ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਬਾਰੇ ਮਿਲੇ ਸੱਦੇ ਨੂੰ ਪ੍ਰਵਾਨ ਕਰਨ 'ਤੇ ਕਿਹਾ ਕਿ ਜੇਕਰ ਉਹ ਜਾਂਦੇ ਹਨ ਤਾਂ ਭਾਰਤ ਸਰਕਾਰ ਵੱਲੋਂ ਉਲੀਕੀਆਂ ਹੱਦਾਂ ਨੂੰ ਨਹੀਂ ਉਲੰਘਣਗੇ। ਨਾਲ ਹੀ ਉਨ੍ਹਾਂ ਕਸ਼ਮੀਰ ਦੇ ਮਸਲੇ 'ਤੇ ਕਿਹਾ ਕਿ ਉਹ ਵੀ ਕੇਂਦਰ ਸਰਕਾਰ ਵਾਲਾ ਨਜ਼ਰੀਆ ਹੀ ਰੱਖਦੇ ਹਨ।