ਚੰਡੀਗੜ੍ਹ: ਪੰਜਾਬ, ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਨੇ ਪੁਲਿਸ ਪੁੱਛਗਿੱਛ ਦੌਰਾਨ ਹੈਰਾਨੀਜਨਕ ਖੁਲਾਸੇ ਕੀਤੇ ਹਨ। ਸਾਹਮਣੇ ਆਇਆ ਹੈ ਕਿ ਹਰਿਆਣਾ ਤੇ ਪੰਜਾਬ ਦੇ ਜ਼ਿਆਦਾਤਰ ਗੈਂਗਸਟਰਾਂ ਨੂੰ ਹਥਿਆਰ ਖਰੀਦਣ ਲਈ ਕਿਤੇ ਵੀ ਜਾਣਾ ਨਹੀਂ ਪੈਂਦਾ, ਬਲਕਿ ਬਿਹਾਰ ਤੋਂ ਇਨ੍ਹਾਂ ਹਥਿਆਰਾਂ ਦੀ ਹੋਮ ਡਿਲੀਵਰੀ ਹੁੰਦੀ ਹੈ, ਜਿਸ ਵਿੱਚ ਹਥਿਆਰਾਂ 'ਤੇ ਇੰਗਲੈਂਡ ਜਾਂ ਅਮਰੀਕਾ ਵਿੱਚ ਬਣੇ ਹੋਣ ਦਾ ਮਾਅਰਕਾ ਵੀ ਹੁੰਦਾ ਹੈ।
ਬੀਆਰ ਗਰੁੱਪ ਚਲਾਉਣ ਵਾਲੇ ਭੂਪੀ ਰਾਣਾ ਨੇ ਕਿਹਾ ਕਿ ਉਹ ਇਸ ਗਰੁੱਪ ਰਾਹੀਂ ਸਿਆਸਤ ਵਿੱਚ ਆਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਬੀਆਰ ਗਰੁੱਪ ਬਣਾਇਆ ਤੇ ਕਾਲਜੀਏਟ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ। ਰੈਲੀਆਂ ਵਿੱਚ ਭੀੜ ਇਕੱਠੀ ਕਰਨ ਵਿੱਚ ਮਾਹਰ ਹੋਣ ਕਾਰਨ ਭੂਪੀ ਪੰਜਾਬ ਦੇ ਕਿਸੇ ਵੱਡੇ ਲੀਡਰ ਦੇ ਕਾਫੀ ਨੇੜੇ ਵੀ ਰਹਿ ਚੁੱਕਾ ਹੈ।
ਭੂਪੀ ਨੇ ਦੱਸਿਆ ਕਿ ਲੜਾਈ ਝਗੜਿਆਂ ਵਿੱਚ ਉਸ ਦਾ ਨਾਂ ਤੇ ਅਸਰ ਰਸੂਖ ਹੋਣ ਕਾਰਨ ਜ਼ੀਰਕਪੁਰ ਦੇ ਇੱਕ ਨੇਤਾ ਉਸ ਦਾ ਸੰਪਰਕ ਪੰਜਾਬ ਦੇ ਵੱਡੇ ਸਿਆਸਤਦਾਨ ਨਾਲ ਕਰਵਾਇਆ। ਇਸ ਤੋਂ ਬਾਅਦ ਭੂਪੀ ਰਾਣਾ ਉਸ ਨੇਤਾ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਆਪਣੇ ਮੁੰਡੇ ਲੈ ਕੇ ਪਹੁੰਚਦਾ ਸੀ। ਪੰਜਾਬ ਵਿੱਚ ਸਰਗਰਮ ਹੋਣ ਕਾਰਨ ਭੂਪੀ ਦਾ ਸੰਪਰਕ ਸੁਖਪ੍ਰੀਤ ਬੁੱਢਾ ਤੇ ਦਿਲਪ੍ਰੀਤ ਬਾਬਾ ਨਾਲ ਹੋਇਆ। ਇਸ ਤੋਂ ਇਲਾਵਾ ਭੂਪੀ ਦਾ ਸੰਪਰਕ ਮੋਸਟ ਵਾਂਟੇਡ ਰਿੰਦਾ ਨਾਲ ਵੀ ਰਿਹਾ ਹੈ।
ਗੈਂਗਸਟਰ ਭੂਪੀ ਰਾਣਾ ਨੇ ਦੱਸਿਆ ਕਿ ਉਹ ਵੱਡੀ ਗਿਣਤੀ ਵਿੱਚ ਨੌਜਵਾਨਾਂ ਨਾਲ ਜੁੜਿਆ ਹੋਇਆ ਸੀ। ਅੰਬਾਲਾ, ਜ਼ੀਕਰਪੁਰ, ਪਟਿਆਲਾ, ਯਮੁਨਾਨਗਰ, ਕੁਰੂਕਸ਼ੇਤਰ, ਬਰਵਾਲਾ, ਸ਼ਹਿਜ਼ਾਦਪੁਰ ਤੇ ਨਾਰਾਇਣਗੜ੍ਹ ਦੇ ਨੌਜਵਾਨਾਂ ਨਾਲ ਵ੍ਹੱਟਸਐਪ ਕਾਲ ਰਾਹੀਂ ਸੰਪਰਕ ਵਿੱਚ ਵੀ ਸੀ। ਪੰਚਕੂਲਾ ਪੁਲਿਸ ਨੇ ਲਿਸਟ ਤਿਆਰ ਕੀਤੀ ਹੈ ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਤਲਬ ਕੀਤਾ ਜਾ ਰਿਹਾ ਹੈ।
ਹੁਣ ਪੰਚਕੂਲਾ ਵਿੱਚ ਹਰਿਆਣਾ ਤੇ ਪੰਜਾਬ ਐਸਟੀਐਫ ਟੀਮਾਂ ਤੋਂ ਇਲਾਵਾ ਦੋਵਾਂ ਸੂਬਿਆਂ ਦੇ ਕਈ ਜ਼ਿਲ੍ਹਿਆਂ ਦੀ ਪੁਲਿਸ ਭੂਪੀ ਤੋਂ ਪੁੱਛਗਿੱਛ ਕਰ ਰਹੀ ਹੈ। ਪੰਚਕੂਲਾ ਪੁਲਿਸ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਭੂਪੀ ਰਾਣਾ ਨੂੰ ਕਈ ਜ਼ਿਲ੍ਹਿਆਂ ਵਿੱਚ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਜਾ ਸਕਦਾ ਹੈ।