ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ 'ਚ ਕੁਝ ਨੌਜਵਾਨਾਂ ਵੱਲੋਂ ਮੁਸਲਿਮ ਨੌਜਵਾਨ ਦੀ ਜ਼ਬਰਦਸਤੀ ਦਾੜ੍ਹੀ ਕਟਵਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਦਾ ਦਾਅਵਾ ਹੈ ਕਿ ਉਸ ਨਾਲ ਬਦਸਲੂਕੀ ਕੀਤੀ ਗਈ ਹੈ।


ਦਰਅਸਲ ਬਾਦਲੀ ਪਿੰਡ ਦਾ ਰਹਿਣ ਵਾਲਾ ਨੌਜਵਾਨ ਜਫਰੂਦੀਨ ਗੁਰੂਗ੍ਰਾਮ ਮੰਡੀ 'ਚ ਸਬਜ਼ੀ ਲੈਣ ਆਇਆ ਸੀ ਜਿੱਥੋਂ ਉਸ ਨੂੰ ਕੁਝ ਸ਼ਰਾਰਤੀ ਅਨਸਰ ਨਾਈ ਦੀ ਦੁਕਾਨ 'ਤੇ ਲੈ ਗਏ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਨ੍ਹਾਂ ਨਾਈ ਤੇ ਜਫਰੂਦੀਨ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਨੂੰ ਸੀਟ ਨਾਲ ਬੰਨ੍ਹ ਕੇ ਜ਼ਬਰਦਸਤੀ ਕਲੀਨ ਸ਼ੇਵ ਕਰਾ ਦਿੱਤੀ।


ਜਫਰੂਦੀਨ ਦਾ ਕਹਿਣਾ ਹੈ ਕਿ ਉਸ ਨੇ ਜ਼ਬਰਦਸਤੀ ਕਰਨ ਵਾਲੇ ਨੌਜਵਾਨਾਂ ਨੂੰ ਸਮਝਾਇਆ ਵੀ ਸੀ ਕਿ ਉਹ ਮੁਸਲਿਮ ਹੈ ਤੇ ਦਾੜ੍ਹੀ ਨਹੀਂ ਕਟਵਾਉਂਦੇ ਪਰ ਇਸ ਦੇ ਬਾਵਜੂਦ ਉਨ੍ਹਾਂ ਮਾਰਕੁੱਟ ਕੀਤੀ ਤੇ ਜ਼ਬਰਦਸਤੀ ਦਾੜ੍ਹੀ 'ਤੇ ਕੈਂਚੀ ਚਲਾ ਦਿੱਤੀ।


ਜਫਰੂਦੀਨ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਨਮਾਜ਼ ਪੜ੍ਹਨ ਨੂੰ ਲੈ ਕੇ ਵੀ ਗੁਰੂਗ੍ਰਾਮ 'ਚ ਕਾਫੀ ਵਿਵਾਦ ਹੋਇਆ ਸੀ। ਪ੍ਰਸ਼ਾਸਨ ਤੇ ਸਮਾਜਿਕ ਸੰਗਠਨਾਂ ਦੀ ਕੋਸ਼ਿਸ਼ ਤੋਂ ਬਾਅਦ ਦੋ ਗੁੱਟਾਂ ਵਿਚਾਲੇ ਵਿਵਾਦ ਸੁਲਝਾਇਆ ਗਿਆ ਸੀ।