ਕ੍ਰਾਇਸਟਚਰਚ - ਨਿਊਜ਼ੀਲੈਂਡ ਦੀ ਟੀਮ ਨੇ ਪਾਕਿਸਤਾਨ ਖਿਲਾਫ ਸੀਰੀਜ਼ ਦੇ ਪਹਿਲੇ ਟੈਸਟ 'ਚ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਨੇ ਡੈਬਿਊ ਕਰ ਰਹੇ ਗ੍ਰੈਂਡਹੋਮ ਅਤੇ ਰਾਵਲ ਦੇ ਆਸਰੇ ਪਾਕਿਸਤਾਨ ਨੂੰ ਆਸਾਨੀ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਨੇ 2 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ ਹੈ।
ਪਾਕਿਸਤਾਨ - 171 ਆਲ ਆਊਟ
ਇਸ ਮੈਚ 'ਚ ਪਾਕਿਸਤਾਨੀ ਟੀਮ ਦੂਜੀ ਪਾਰੀ 'ਚ 171 ਰਨ 'ਤੇ ਆਲ ਆਊਟ ਹੋ ਗਈ। ਪਹਿਲੀ ਪਾਰੀ 'ਚ 123 ਰਨ ਬਣਾਉਣ ਤੋਂ ਬਾਅਦ ਦੂਜੀ ਪਾਰੀ 'ਚ ਵੀ ਪਾਕਿਸਤਾਨੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਟੀਮ ਦਾ ਕੋਈ ਬੱਲੇਬਾਜ ਅਰਧ-ਸੈਂਕੜਾ ਵੀ ਨਹੀਂ ਜੜ ਸਕਿਆ। ਸੋਹੇਲ ਖਾਨ ਦੇ 40 ਰਨ ਦੇ ਧਮਾਕੇ ਦੇ ਆਸਰੇ ਪਾਕਿਸਤਾਨੀ ਟੀਮ 171 ਰਨ ਤਕ ਪਹੁੰਚ ਸਕੀ। ਨਿਊਜ਼ੀਲੈਂਡ ਲਈ ਵੈਗਨਰ, ਬੋਲਟ ਅਤੇ ਸਾਊਦੀ ਨੇ 3-3 ਵਿਕਟ ਹਾਸਿਲ ਕੀਤੇ।
ਨਿਊਜ਼ੀਲੈਂਡ - 108/2
ਨਿਊਜ਼ੀਲੈਂਡ ਦੀ ਟੀਮ ਨੇ ਜਿੱਤ ਲਈ ਮਿਲੇ 105 ਰਨ ਦੇ ਟੀਚੇ ਨੂੰ 2 ਵਿਕਟ ਗਵਾ ਕੇ ਹਾਸਿਲ ਕਰ ਲਿਆ। ਕਪਤਾਨ ਵਿਲੀਅਮਸਨ ਨੇ 61 ਰਨ ਦੀ ਪਾਰੀ ਖੇਡ ਕੀਵੀ ਟੀਮ ਲਈ ਜਿੱਤ ਆਸਾਨ ਬਣਾ ਦਿੱਤੀ।
ਗ੍ਰੈਂਡਹੋਮ ਦਾ ਰਿਕਾਰਡਤੋੜ ਡੈਬਿਊ
ਨਿਊਜ਼ੀਲੈਂਡ ਲਈ ਟੈਸਟ ਮੈਚਾਂ 'ਚ ਡੈਬਿਊ ਕਰ ਰਹੇ ਕਾਲਿਨ ਡੀ ਗ੍ਰੈਂਡਹੋਮ ਨੇ ਕੀਵੀ ਟੀਮ ਲਈ ਇਤਿਹਾਸਿਕ ਗੇਂਦਬਾਜ਼ੀ ਕੀਤੀ। ਨਿਊਜ਼ੀਲੈਂਡ ਲਈ ਡੈਬਿਊ 'ਤੇ ਸਭ ਤੋਂ ਬੇਹਤਰੀਨ ਗੇਂਦਬਾਜ਼ੀ ਦਾ ਰਿਕਾਰਡ ਬਣਾਉਂਦੇ ਹੋਏ ਗ੍ਰੈਂਡਹੋਮ ਨੇ 6 ਵਿਕਟ ਝਟਕੇ। ਗ੍ਰੈਂਡਹੋਮ ਨੇ 15.5 ਓਵਰਾਂ 'ਚ 41 ਰਨ ਦੇਕੇ 6 ਵਿਕਟ ਹਾਸਿਲ ਕੀਤੇ। ਇਹ ਨਿਊਜ਼ੀਲੈਂਡ ਦੇ ਕਿਸੇ ਵੀ ਗੇਂਦਬਾਜ਼ ਵੱਲੋਂ ਡੈਬਿਊ 'ਤੇ ਕੀਤਾ ਗਿਆ ਬੈਸਟ ਪ੍ਰਦਰਸ਼ਨ ਹੈ। ਦੂਜੇ ਪਾਸੇ ਡੈਬਿਊ ਕਰ ਰਹੇ ਜੀਤ ਰਾਵਲ ਨੇ ਵੀ ਪ੍ਰਭਾਵਿਤ ਕੀਤਾ ਅਤੇ ਪਹਿਲੀ ਪਾਰੀ 'ਚ ਅਰਧ-ਸੈਂਕੜਾ ਠੋਕਣ ਤੋਂ ਬਾਅਦ ਦੂਜੀ ਪਾਰੀ 'ਚ 36 ਰਨ ਬਣਾ ਕੇ ਨਾਬਾਦ ਰਹੇ।