ਨਵੀਂ ਦਿੱਲੀ: ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਵਿੱਚ ਖੇਡੇ ਗਏ ਦੂਜੇ ਟੀ 20 ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਸਾਹਮਣੇ ਜਿੱਤ ਲਈ 189 ਦੌੜਾਂ ਦਾ ਟੀਚਾ ਸੀ ਜਿਸ ਨੂੰ ਟੀਮ ਨੇ ਚਾਰ ਵਿਕਟਾਂ ਗੁਆ ਕੇ ਮੈਚ ਪੂਰਾ ਹੋਣ ਤੋਂ ਅੱਠ ਗੇਂਦਾਂ ਪਹਿਲਾਂ ਹੀ ਹਾਸਲ ਕਰ ਲਿਆ। ਇਸ ਜਿੱਤ ਨਾਲ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ।

ਹਾਰ ਤੋਂ ਇਲਾਵਾ ਭਾਰਤ ਲਈ ਵਧੀਆ ਖ਼ਬਰ ਇਹ ਰਹੀ ਕਿ ਸਾਬਕਾ ਕਪਤਾਨ ਐਮ.ਐਸ. ਧੋਨੀ ਇੱਕ ਵਾਰ ਫਿਰ ਤੋਂ ਆਪਣੇ ਪੁਰਾਣੇ ਰੰਗ ਵਿੱਚ ਦਿਖਾਈ ਦਿੱਤੇ ਤੇ ਸਿਰਫ 28 ਗੇਂਦਾਂ ਵਿੱਚ ਚਾਰ ਚੌਕੇ ਤੇ ਤਿੰਨ ਛੱਕਿਆਂ ਨਾਲ ਲਗਾਤਾਰ 52 ਦੌੜਾਂ ਨਾਲ ਨਾਬਾਦ ਰਹੇ। ਪਰ ਉਨ੍ਹਾਂ ਦੀ ਇਸ ਪਾਰੀ ਦੌਰਾਨ ਕੁਝ ਅਜਿਹਾ ਵਾਪਰਿਆ ਜਿਸ 'ਤੇ ਕਿਸੇ ਨੂੰ ਯਕੀਨ ਨਾ ਹੋਵੇ। ਜੀ ਹਾਂ, ਆਪਣੇ ਸ਼ਾਂਤ ਸੁਭਾਅ ਤੇ ਠਰ੍ਹੰਮੇ ਵਾਲੇ ਧੋਨੀ ਆਪਣਾ ਆਪਾ ਗੁਆ ਬੈਠੇ।

ਭਾਰਤੀ ਟੀਮ ਜਦੋਂ 19.1 ਓਵਰ 'ਤੇ 171 ਦੌੜਾਂ ਬਣਾ ਕੇ ਖੇਡ ਰਹੀ ਸੀ ਤਾਂ ਧੋਨੀ ਤੇ ਮਨੀਸ਼ ਪਾਂਡੇ ਕ੍ਰੀਜ਼ 'ਤੇ ਮੌਜੂਦ ਸਨ। ਦੋਵੇਂ ਬੱਲੇਬਾਜ਼ ਸਹੀ ਤਰੀਕੇ ਨਾਲ ਬੱਲੇਬਾਜ਼ੀ ਕਰ ਰਹੇ ਸਨ। ਗੇਂਦ ਦਾ ਸਾਹਮਣਾ ਕਰ ਰਹੇ ਧੋਨੀ ਨੇ ਪਾਂਡੇ ਨੂੰ ਇਸ਼ਾਰਾ ਕੀਤਾ ਤਾਂ ਉਸ ਨੇ ਧੋਨੀ ਵੱਲ ਧਿਆਨ ਨਾ ਦਿੱਤਾ।

ਇਸ ਤੋਂ ਬਾਅਦ ਕੈਪਟਨ ਕੂਲ ਆਪਣਾ ਆਪਾ ਗੁਆ ਬੈਠੇ ਤੇ ਮਨੀਸ਼ ਪਾਂਡੇ ਨੂੰ ਗਾਲ਼ ਕੱਢ ਦਿੱਤੀ। ਧੋਨੀ ਨੇ ਬਹੁਤ ਗੁੱਸੇ ਵਿੱਚ ਮਨੀਸ਼ ਪਾਂਡੇ ਨੂੰ ਗਾਲ਼ ਕੱਢਦਿਆਂ ਚੀਕ ਕੇ ਕਿਹਾ, "ਓਧਰ ਕੀ ਦੇਖ ਰਿਹੈਂ, ਇੱਧਰ ਵੇਖ।" ਧੋਨੀ ਦਾ ਅਜਿਹਾ ਕਰਦੇ ਦਾ ਵੀਡੀਓ ਵੀ ਵਾਇਰਲ ਹੋ ਗਿਆ।