ਜੋਹਾਨਸਬਰਗ - ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਦੂਜੇ ਵਨਡੇ ਮੈਚ 'ਚ ਅਫਰੀਕੀ ਟੀਮ ਨੇ 142 ਰਨ ਨਾਲ ਜਿੱਤ ਦਰਜ ਕੀਤੀ। ਦਖਣੀ ਅਫਰੀਕਾ ਨੇ 361 ਰਨ ਦਾ ਸਕੋਰ ਖੜਾ ਕਰਨ ਤੋਂ ਬਾਅਦ ਆਸਟ੍ਰੇਲੀਆ ਨੂੰ 219 ਰਨ 'ਤੇ ਆਲ ਆਊਟ ਕਰ ਦਿੱਤਾ।
ਡੂਪਲੈਸੀ ਦਾ ਧਮਾਕਾ
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਡੀ ਕਾਕ ਅਤੇ ਰੌਸੋ ਨੇ ਮਿਲਕੇ ਪਹਿਲੇ ਵਿਕਟ ਲਈ 11 ਓਵਰਾਂ 'ਚ 70 ਰਨ ਦੀ ਪਾਰਟਨਰਸ਼ਿਪ ਕੀਤੀ। ਡੀ ਕਾਕ 22 ਰਨ ਬਣਾ ਕੇ ਆਊਟ ਹੋਏ ਜਦਕਿ ਰੌਸੋ ਨੇ 81 ਗੇਂਦਾਂ 'ਤੇ 75 ਰਨ ਦੀ ਪਾਰੀ ਖੇਡੀ। ਰੌਸੋ ਦਾ ਵਿਕਟ 146 ਰਨ ਦੇ ਸਕੋਰ 'ਤੇ ਡਿੱਗਿਆ। ਇਸਤੋਂ ਬਾਅਦ ਡੂਪਲੈਸੀ ਨੇ ਡਿਊਮਿਨੀ ਨਾਲ ਮਿਲਕੇ ਅਫਰੀਕੀ ਟੀਮ ਨੂੰ ਮਜਬੂਤ ਸਥਿਤੀ 'ਚ ਪਹੁੰਚਾਇਆ। ਦੋਨਾ ਨੇ ਮਿਲਕੇ ਤੀਜੇ ਵਿਕਟ ਲਈ 150 ਰਨ ਦੀ ਪਾਰਟਨਰਸ਼ਿਪ ਕੀਤੀ। ਡਿਊਮਿਨੀ ਨੇ 58 ਗੇਂਦਾਂ 'ਤੇ 10 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 82 ਰਨ ਦੀ ਪਾਰੀ ਖੇਡੀ। ਦੂਜੇ ਪਾਸੇ ਕਪਤਾਨ ਫਾਫ ਡੂਪਲੈਸੀ ਨੇ ਸੈਂਕੜਾ ਠੋਕਿਆ। ਡੂਪਲੈਸੀ ਨੇ 13 ਚੌਕੇ ਜੜੇ ਅਤੇ 93 ਗੇਂਦਾਂ 'ਤੇ 111 ਰਨ ਦੀ ਪਾਰੀ ਖੇਡੀ। ਅਫਰੀਕੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 6 ਵਿਕਟ ਗਵਾ ਕੇ 361 ਰਨ ਦਾ ਸਕੋਰ ਖੜਾ ਕੀਤਾ।
ਆਸਟ੍ਰੇਲੀਆ - 219 ਆਲ ਆਊਟ
ਆਸਟ੍ਰੇਲੀਆ ਦੀ ਟੀਮ 362 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ 219 ਰਨ 'ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਲਈ ਵਾਰਨਰ ਅਤੇ ਟਰੇਵਿਸ ਹੈਡ ਨੇ ਅਰਧ-ਸੈਂਕੜੇ ਠੋਕੇ। ਪਰ ਬਾਕੀ ਦੇ ਬੱਲੇਬਾਜ ਅਫਰੀਕੀ ਗੇਂਦਬਾਜ਼ਾਂ ਸਾਹਮਣੇ ਫਲਾਪ ਸਾਬਿਤ ਹੋਏ। ਆਸਟ੍ਰੇਲੀਆ ਦੀ ਪੂਰੀ ਟੀਮ 37.4 ਓਵਰਾਂ 'ਚ 219 ਰਨ 'ਤੇ ਆਲ ਆਊਟ ਹੋ ਗਈ। ਅਫਰੀਕੀ ਟੀਮ ਲਈ ਪਾਰਨੈਲ ਨੇ 3 ਵਿਕਟ ਝਟਕੇ ਜਦਕਿ ਰਬਾਡਾ ਅਤੇ ਫੈਹਲੁਕ ਵਾਇਓ ਨੂੰ 2-2 ਵਿਕਟ ਹਾਸਿਲ ਹੋਏ। ਇਸ ਜਿੱਤ ਦੇ ਨਾਲ ਹੀ ਅਫਰੀਕੀ ਟੀਮ ਨੇ 2-0 ਦੀ ਲੀਡ ਹਾਸਿਲ ਕਰ ਲਈ।