ਢਾਕਾ - ਬੰਗਲਾਦੇਸ਼ ਦੀ ਟੀਮ ਮੀਰਪੁਰ ਦੇ ਮੈਦਾਨ 'ਤੇ ਰਿਕਾਰਡ ਟੀਚਾ ਹਾਸਿਲ ਕਰਨ ਤੋਂ ਕੁਝ ਗਈ। ਇੰਗਲੈਂਡ ਦੀ ਟੀਮ ਨੇ ਰੋਮਾਂਚ ਨਾਲ ਭਰਪੂਰ ਮੈਚ 'ਚ ਬੰਗਲਾਦੇਸ਼ ਨੂੰ 21 ਰਨ ਨਾਲ ਮਾਤ ਦਿੱਤੀ। ਇੰਗਲੈਂਡ ਦੀ ਟੀਮ ਨੇ ਆਖਰੀ ਓਵਰਾਂ 'ਚ ਬੰਗਲਾਦੇਸ਼ ਦੇ 17 ਰਨ ਵਿਚਾਲੇ 6 ਵਿਕਟ ਹਾਸਿਲ ਕੀਤੇ ਅਤੇ ਮੈਚ ਆਪਣੀ ਝੋਲੀ 'ਚ ਪਾ ਲਿਆ। 

 

ਸਟੋਕਸ ਦਾ ਸੈਂਕੜਾ 

 

ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 8 ਵਿਕਟ ਗਵਾ ਕੇ 309 ਰਨ ਦਾ ਸਕੋਰ ਖੜਾ ਕੀਤਾ। ਇੰਗਲੈਂਡ ਲਈ ਬੈਨ ਸਟੋਕਸ ਨੇ ਸੈਂਕੜਾ ਠੋਕਿਆ। ਸਟੋਕਸ ਨੇ 100 ਗੇਂਦਾਂ 'ਤੇ 101 ਰਨ ਦੀ ਪਾਰੀ ਖੇਡੀ। ਸਟੋਕਸ ਦੀ ਪਾਰੀ 'ਚ 8 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਸ਼ੁਰੂਆਤੀ ਓਵਰਾਂ ਡੁਕੈਟ ਨੇ 78 ਗੇਂਦਾਂ 'ਤੇ 60 ਰਨ ਦੀ ਪਾਰੀ ਖੇਡ ਟੀਮ ਨੂੰ ਮਜਬੂਤੀ ਦਿੱਤੀ। ਇੰਗਲੈਂਡ ਨੂੰ ਜੌਸ ਬਟਲਰ ਨੇ 38 ਗੇਂਦਾਂ 'ਤੇ 63 ਰਨ ਦੀ ਪਾਰੀ ਖੇਡ 300 ਰਨ ਦਾ ਸਕੋਰ ਪਾਰ ਕਰਨ 'ਚ ਮਦਦ ਕੀਤੀ। 

  

 

ਬੰਗਲਾਦੇਸ਼ - 288 ਆਲ ਆਊਟ 

 

ਬੰਗਲਾਦੇਸ਼ ਦੀ ਟੀਮ ਨੂੰ ਇਮਰੁਲ ਕਾਇਸ ਨੇ ਦਮਦਾਰ ਸ਼ੁਰੂਆਤ ਦਿੱਤੀ। ਸ਼ੁਰੂਆਤੀ ਓਵਰਾਂ 'ਚ ਬੰਗਲਾਦੇਸ਼ ਨੂੰ ਝਟਕੇ ਤਾਂ ਲੱਗੇ ਪਰ ਕਾਇਸ ਨੇ ਬਾਕੀ ਬੱਲੇਬਾਜ਼ਾਂ ਨਾਲ ਮਿਲਕੇ ਬੰਗਲਾਦੇਸ਼ ਨੂੰ 150 ਰਨ ਦੇ ਪਾਰ ਪਹੁੰਚਾਇਆ। ਬੰਗਲਾਦੇਸ਼ ਨੂੰ ਚੌਥਾ ਝਟਕਾ 153 ਰਨ 'ਤੇ ਲੱਗਾ ਅਤੇ ਮੈਦਾਨ 'ਤੇ ਪਹੁੰਚ ਗਏ ਸ਼ਾਕਿਬ ਅਲ ਹਸਨ। ਸ਼ਾਕਿਬ ਅਲ ਹਸਨ ਨੇ ਕਾਇਸ ਨਾਲ ਮਿਲਕੇ 5ਵੇਂ ਵਿਕਟ ਲਈ 118 ਰਨ ਦੀ ਪਾਰਟਨਰਸ਼ਿਪ ਕੀਤੀ। ਕਾਇਸ ਅਤੇ ਸ਼ਾਕਿਬ ਅਲ ਹਸਨ ਨੇ ਮਿਲਕੇ ਬੰਗਲਾਦੇਸ਼ ਨੂੰ 41.2 ਓਵਰਾਂ 'ਚ 271 ਰਨ ਤਕ ਪਹੁੰਚਾ ਦਿੱਤਾ ਸੀ। ਬੰਗਲਾਦੇਸ਼ ਨੂੰ ਜਿੱਤ ਲਈ 52 ਗੇਂਦਾਂ 'ਚ 39 ਰਨ ਦੀ ਲੋੜ ਸੀ ਜਦਕਿ ਟੀਮ ਦੇ 6 ਵਿਕਟ ਬਾਕੀ ਸਨ। ਪਰ ਸ਼ਾਕਿਬ ਅਲ ਹਸਨ 55 ਗੇਂਦਾਂ 'ਤੇ 79 ਰਨ ਬਣਾ ਕੇ ਆਊਟ ਹੋ ਗਏ। ਸ਼ਾਕਿਬ ਅਲ ਹਸਨ ਦਾ ਵਿਕਟ ਡਿਗਦੇ ਹੀ ਬੰਗਲਾਦੇਸ਼ ਦੀ ਟੀਮ ਦਾ ਇੱਕ ਤੋਂ ਬਾਅਦ ਇੱਕ ਵਿਕਟ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਲਦੀ ਹੀ ਕਾਇਸ ਵੀ 112 ਰਨ ਦੀ ਪਾਰੀ ਖੇਡ ਆਪਣਾ ਵਿਕਟ ਗਵਾ ਬੈਠੇ। ਬੰਗਲਾਦੇਸ਼ ਦੀ ਟੀਮ ਨੇ 39 ਗੇਂਦਾਂ ਵਿਚਾਲੇ 17 ਰਨ ਬਣਾ ਕੇ 6 ਵਿਕਟ ਗਵਾ ਦਿੱਤੇ। ਬੰਗਲਾਦੇਸ਼ ਦੀ ਟੀਮ 288 ਰਨ 'ਤੇ ਆਲ ਆਊਟ ਹੋ ਗਈ ਅਤੇ ਮੈਚ ਇੰਗਲੈਂਡ ਦੀ ਟੀਮ ਨੇ ਜਿੱਤ ਲਿਆ। ਇੰਗਲੈਂਡ ਲਈ ਡੈਬਿਊ ਮੈਚ ਖੇਡ ਰਹੇ ਜਸਟਿਨ ਬਾਲ ਨੇ 9.5 ਓਵਰਾਂ 'ਚ 51 ਰਨ ਦੇਕੇ 5 ਵਿਕਟ ਝਟਕੇ। ਆਦਿਲ ਰਾਸ਼ਿਦ ਨੇ 4 ਵਿਕਟ ਹਾਸਿਲ ਕੀਤੇ। ਇਸ ਜਿੱਤ ਨਾਲ ਇੰਗਲੈਂਡ ਨੇ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ।