ਕ੍ਰਾਇਸਟਚਰਚ - ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦਾ ਪਹਿਲਾ ਦਿਨ ਮੀਂਹ ਕਾਰਨ ਰੱਦ ਹੋ ਗਿਆ ਸੀ। ਪਰ ਮੈਚ ਦੇ ਦੂਜੇ ਦਿਨ ਪਾਕਿਸਤਾਨੀ ਬੱਲੇਬਾਜ ਕੀਵੀ ਗੇਂਦਬਾਜ਼ਾਂ ਸਾਹਮਣੇ ਫਲਾਪ ਹੋ ਗਏ। ਪਾਕਿਸਤਾਨ ਦੀ ਟੀਮ ਪਹਿਲੀ ਪਾਰੀ 'ਚ 133 ਰਨ 'ਤੇ ਢੇਰ ਹੋ ਗਈ। 

  

 

ਪਾਕਿਸਤਾਨੀ ਬੱਲੇਬਾਜ ਹੋਏ ਫਲਾਪ 

 

ਇਸ ਮੈਚ 'ਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਾਕਿਸਤਾਨੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਾਕਿਸਤਾਨੀ ਟੀਮ ਨੇ ਮੈਚ 'ਚ ਧੀਮੀ ਸ਼ੁਰੂਆਤ ਕੀਤੀ। ਇੱਕ ਸਮੇਂ ਪਾਕਿਸਤਾਨੀ ਟੀਮ ਨੇ 1 ਵਿਕਟ ਗਵਾ ਕੇ 53 ਰਨ ਬਣਾ ਲਏ ਸਨ। ਪਰ ਫਿਰ ਅਗਲੇ 3 ਰਨ ਦੇ ਵਿਚਾਲੇ ਪਾਕਿਸਤਾਨ ਨੂੰ 3 ਹੋਰ ਝਟਕੇ ਲੱਗੇ ਅਤੇ ਪਾਕਿਸਤਾਨੀ ਟੀਮ ਨੇ 56 ਰਨ ਤਕ 4 ਵਿਕਟ ਗਵਾ ਦਿੱਤੇ ਸਨ। ਕਪਤਾਨ ਮਿਸਬਾਹ ਉਲ ਹੱਕ ਨੇ ਅਸਦ ਸ਼ਫੀਕ ਨਾਲ ਮਿਲਕੇ ਕੁਝ ਦੇਰ ਤਕ ਪਾਕਿਸਤਾਨੀ ਪਾਰੀ ਨੂੰ ਸੰਭਾਲਿਆ। ਪਰ ਫਿਰ ਪਾਕਿਸਤਾਨੀ ਟੀਮ ਨੇ 45 ਰਨ ਵਿਚਾਲੇ 6 ਵਿਕਟ ਗਵਾ ਦਿੱਤੇ। ਪਾਕਿਸਤਾਨ ਦੀ ਪੂਰੀ ਟੀਮ 133 ਰਨ 'ਤੇ ਹੀ ਸਿਮਟ ਗਈ। 

  

 

ਗ੍ਰੈਂਡਹੋਮ ਦਾ ਰਿਕਾਰਡਤੋੜ ਡੈਬਿਊ 

 

ਨਿਊਜ਼ੀਲੈਂਡ ਲਈ ਟੈਸਟ ਮੈਚਾਂ 'ਚ ਡੈਬਿਊ ਕਰ ਰਹੇ ਕਾਲਿਨ ਡੀ ਗ੍ਰੈਂਡਹੋਮ ਨੇ ਕੀਵੀ ਟੀਮ ਲਈ ਇਤਿਹਾਸਿਕ ਗੇਂਦਬਾਜ਼ੀ ਕੀਤੀ। ਨਿਊਜ਼ੀਲੈਂਡ ਲਈ ਡੈਬਿਊ 'ਤੇ ਸਭ ਤੋਂ ਬੇਹਤਰੀਨ ਗੇਂਦਬਾਜ਼ੀ ਦਾ ਰਿਕਾਰਡ ਬਣਾਉਂਦੇ ਹੋਏ ਗ੍ਰੈਂਡਹੋਮ ਨੇ 6 ਵਿਕਟ ਝਟਕੇ। ਗ੍ਰੈਂਡਹੋਮ ਨੇ 15.5 ਓਵਰਾਂ 'ਚ 41 ਰਨ ਦੇਕੇ 6 ਵਿਕਟ ਹਾਸਿਲ ਕੀਤੇ। ਇਹ ਨਿਊਜ਼ੀਲੈਂਡ ਦੇ ਕਿਸੇ ਵੀ ਗੇਂਦਬਾਜ਼ ਵੱਲੋਂ ਡੈਬਿਊ 'ਤੇ ਕੀਤਾ ਗਿਆ ਬੈਸਟ ਪ੍ਰਦਰਸ਼ਨ ਹੈ।